ਨਵੀਂ ਦਿੱਲੀ (ਪੀਟੀਆਈ) : ਓਲੰਪਿਕ 'ਚ ਥਾਂ ਬਣਾ ਚੁੱਕੇ ਸਤੀਸ਼ ਕੁਮਾਰ (91 ਕਿਲੋਗ੍ਰਾਮ ਤੋਂ ਵੱਧ) ਤੇ ਆਸ਼ੀਸ਼ ਕੁਮਾਰ (75 ਕਿਲੋਗ੍ਰਾਮ) ਨੇ ਪ੍ਰਭਾਵਸ਼ਾਲੀ ਜਿੱਤ ਦਰਜ ਕਰ ਕੇ ਸਪੇਨ ਦੇ ਕੈਸਟੇਲੋਨ ਵਿਚ ਚੱਲ ਰਹੇ 35ਵੇਂ ਬਾਕਸਮ ਇੰਟਰਨੈਸ਼ਨਲ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਥਾਂ ਬਣਾਈ। ਸੁਮਿਤ ਸਾਂਗਵਾਨ (81 ਕਿਲੋਗ੍ਰਾਮ) ਨੇ ਵੀ ਬੈਲਜੀਅਮ ਦੇ ਮੋਹੋਰ ਅਲ ਜਿਆਦ ਨੂੰ 4-1 ਨਾਲ ਹਰਾ ਕੇ ਆਖ਼ਰੀ ਚਾਰ ਵਿਚ ਪ੍ਰਵੇਸ਼ ਕਰ ਲਿਆ। ਇਸ ਨਾਲ ਹੀ ਤਿੰਨਾਂ ਮੁੱਕੇਬਾਜ਼ਾਂ ਨੇ ਮੈਡਲ ਵੀ ਪੱਕਾ ਕਰ ਲਿਆ। ਸੁਪਰ ਹੈਵੀਵੇਟ ਵਰਗ ਵਿਚ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਸਤੀਸ਼ ਨੇ ਕੁਆਰਟਰ ਫਾਈਨਲ ਵਿਚ ਡੈਨਮਾਰਕ ਦੇ ਗਿਵਸਕੋਵ ਨੀਲਸਨ ਨੂੰ 5-0 ਨਾਲ ਮਾਤ ਦਿੱਤੀ ਜਦਕਿ ਆਸ਼ੀਸ਼ ਨੇ ਇਟਲੀ ਦੇ ਰੇਮਾ ਸਾਲਵਟੀ ਨੂੰ 4-1 ਨਾਲ ਹਰਾ ਕੇ ਮੈਡਲ ਦੇ ਗੇੜ ਵਿਚ ਪ੍ਰਵੇਸ਼ ਕੀਤਾ। ਇਸ ਤਰ੍ਹਾਂ ਭਾਰਤ ਦੇ ਕੁੱਲ 10 ਮੁੱਕੇਬਾਜ਼ (ਛੇ ਮਰਦ ਤੇ ਚਾਰ ਮਹਿਲਾਵਾਂ) ਸੈਮੀਫਾਈਨਲ ਵਿਚ ਪੁੱਜ ਗਏ ਹਨ। ਇਸ ਤੋਂ ਪਹਿਲਾਂ ਮੁਹੰਮਦ ਹੁਸਾਮੂਦੀਨ (57 ਕਿਲੋਗ੍ਰਾਮ), ਮਨੀਸ਼ ਕੌਸ਼ਿਕ (63 ਕਿਲੋਗ੍ਰਾਮ) ਤੇ ਵਿਕਾਸ ਕ੍ਰਿਸ਼ਣਨ (69 ਕਿਲੋਗ੍ਰਾਮ) ਨੇ ਵੀ ਆਖ਼ਰੀ ਚਾਰ ਵਿਚ ਥਾਂ ਪੱਕੀ ਕੀਤੀ ਸੀ ਪਰ ਆਪਣੇ ਭਾਰ ਵਰਗ ਵਿਚ ਵਿਸ਼ਵ ਦੇ ਨੰਬਰ ਇਕ ਮੁੱਕੇਬਾਜ਼ ਅਮਿਤ ਪੰਘਾਲ (52 ਕਿਲੋਗ੍ਰਾਮ) ਨੂੰ ਯੂਰਪੀ ਖੇਡਾਂ ਦੇ ਗੋਲਡ ਮੈਡਲ ਜੇਤੂ ਗੈਬਰੀਅਲ ਏਸਕੋਬਾਰ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

17 ਦੇਸ਼ਾਂ ਦੇ ਮੁੱਕੇਬਾਜ਼ਾਂ 'ਚ ਚੱਲ ਰਿਹੈ ਮੁਕਾਬਲਾ

ਮਹਿਲਾਵਾਂ ਵਿਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੈਰੀਕਾਮ (51 ਕਿਲੋਗ੍ਰਾਮ), ਏਸ਼ਿਆਈ ਚੈਂਪੀਅਨ ਪੂਜਾ ਰਾਣੀ (75 ਕਿਲੋਗ੍ਰਾਮ), ਸਿਮਰਨਜੀਤ ਕੌਰ (60 ਕਿਲੋਗ੍ਰਾਮ) ਤੇ ਜੈਸਮੀਨ (57 ਕਿਲੋਗ੍ਰਾਮ) ਪਹਿਲਾਂ ਤੋਂ ਹੀ ਸੈਮੀਫਾਈਨਲ ਵਿਚ ਪੁੱਜ ਚੁੱਕੀਆਂ ਹਨ। ਇਸ ਚੈਂਪੀਅਨਸ਼ਿਪ ਵਿਚ ਰੂਸ, ਅਮਰੀਕਾ, ਇਟਲੀ ਤੇ ਕਜ਼ਾਕਿਸਤਾਨ ਸਮੇਤ 17 ਦੇਸ਼ਾਂ ਦੇ ਮੁੱਕੇਬਾਜ਼ ਹਿੱਸਾ ਲੈ ਰਹੇ ਹਨ।

Posted By: Susheel Khanna