ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਤਜਰਬੇਕਾਰ ਟੇਬਲ ਟੈਨਿਸ ਖਿਡਾਰੀ ਜੀ ਸਾਥੀਆਨ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸੱਤ ਮਹੀਨੇ ਤਕ ਖੇਡ ਤੋਂ ਦੂਰ ਰਹਿਣ ਤੋਂ ਬਾਅਦ ਉਹ ਅਗਲੇ ਹਫ਼ਤੇ ਪੋਲਿਸ਼ ਟੇਬਲ ਟੈਨਿਸ ਲੀਗ ਨਾਲ ਮੁਕਾਬਲਿਆਂ ਵਿਚ ਵਾਪਸੀ ਕਰਨਗੇ।

ਸਾਥੀਆਨ ਨੇ ਕਿਹਾ ਕਿ ਸੱਤ ਮਹੀਨੇ ਦੇ ਵਕਫ਼ੇ ਤੋਂ ਬਾਅਦ ਪੋਲਿਸ਼ ਸੁਪਰ ਲੀਗਾ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਮੈਂ 15 ਅਕਤੂਬਰ ਨੂੰ ਪੋਲੈਂਡ ਲਈ ਉਡਾਣ ਭਰਨ ਜਾ ਰਿਹਾ ਹਾਂ। ਮੈਂ ਉਥੇ ਆਪਣੇ ਕਲੱਬ ਸੋਕੋਲੋਵ ਐੱਸਏ ਜਾਰੋਸਲਾਵ ਲਈ ਖੇਡਣ ਦੇ ਨਾਲ ਅਭਿਆਸ ਵੀ ਕਰਾਂਗਾ। ਇਸ 27 ਸਾਲ ਦੇ ਖਿਡਾਰੀ ਨੇ ਕਿਹਾ ਕਿ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਮੈਨੂੰ ਏਅਰ ਫਰਾਂਸ ਏਅਰਲਾਈਨਜ਼ ਤੋਂ ਮਨਜ਼ਰੂਰੀ ਮਿਲ ਗਈ ਹੈ।

ਮੈਨੂੰ ਸੋਮਵਾਰ ਨੂੰ ਕੋਵਿਡ-19 ਦਾ ਟੈਸਟ ਕਰਵਾਉਣਾ ਪਵੇਗਾ ਜਿਸ ਦਾ ਨਤੀਜਾ ਨੈਗੇਟਿਵ ਰਿਹਾ ਤਾਂ ਮੈਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਤੇ ਕੋਈ ਕੁਆਰੰਟਾਈਨ ਨਹੀਂ ਹੋਵੇਗਾ। ਸਾਥੀਆਨ ਟੂਰਨਾਮੈਂਟ ਵਿਚ ਸ਼ੁੱਕਰਵਾਰ ਤੋਂ ਆਪਣੀ ਮੁਹਿੰਮ ਨੂੰ ਸ਼ੁਰੂ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਮੈਂ 224 ਦਿਨਾਂ ਦੇ ਵਕਫ਼ੇ ਤੋਂ ਬਾਅਦ 16 ਅਕਤਬੂਰ ਨੂੰ ਆਪਣਾ ਪਹਿਲਾ ਮੁਕਾਬਲਾ ਖੇਡਾਂਗਾ। ਇੱਥੇ ਮੇਰੇ ਕੋਲ ਲਾਕਡਾਊਨ ਦੌਰਾਨ ਮੇਰੇ ਕੋਚ ਵੱਲੋਂ ਸਿਖਾਈਆਂ ਗਈਆਂ ਸਾਰੀਆਂ ਤਕਨੀਕਾਂ ਨੂੰ ਪਰਖਣ ਦਾ ਮੌਕਾ ਹੋਵੇਗਾ। ਸਾਥੀਆਨ ਇਸ ਸਾਲ ਫਰਵਰੀ ਵਿਚ ਜਾਪਾਨ ਦੀ ਮੁੱਖ ਟੇਬਲ ਟੈਨਿਸ ਲੀਗ-ਟੀ ਨਾਲ ਕਰਾਰ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ ਸਨ। ਇਹ ਟੂਰਨਾਮੈਂਟ ਨਵੰਬਰ ਵਿਚ ਸ਼ੁਰੂ ਹੋਵੇਗਾ।