ਲੰਡਨ (ਏਜੰਸੀ) : ਦੋ ਸਾਬਕਾ ਵਿਸ਼ਵ ਨੰਬਰ ਇਕ ਟੈਨਿਸ ਖਿਡਾਰੀਆਂ ਅਮਰੀਕਾ ਦੀ ਸੇਰੇਨਾ ਵਿਲੀਅਮਸ ਅਤੇ ਰੋਮਾਨੀਆ ਦੀ ਸਿਮਨਨਾ ਹਾਲੇਪ ਦੇ ਵਿਚਕਾਰ ਸਾਲ ਦੇ ਤੀਜੇ ਗ੍ਰੈਂਡਸਲੇਮ ਟੂਰਨਾਮੈਂਟ ਵਿੰਬਲਡਨ ਦਾ ਮਹਿਲਾ ਸਿੰਗਲਸ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ। ਇਹ ਖਿਤਾਬੀ ਮੁਕਾਬਲਾ ਸ਼ਨਿਚਰਵਾਰ ਨੂੰ ਹੋਵੇਗਾ। ਸੇਰੇਨਾ ਨੇ ਵੀਰਵਾਰ ਨੂੰ ਸੈਮੀਫਾਈਨਲ ਵਿਚ ਚੈੱਕ ਗਣਰਾਜ ਦੀ ਬਾਰਬੋਰਾ ਸਟ੍ਰੀਕੋਵਾ ਨੂੰ ਹਰਾਇਆ, ਹਾਲੇਪ ਨੇ ਯੂਕ੍ਰੇਨ ਦੀ ਐਲਿਨਾ ਸਿਵਤੋਲਿਨਾ ਨੂੰ ਹਰਾਇਆ।

ਸੇਰੇਨਾ ਨੇ ਸੈਮੀਫਾਈਨਲ 'ਚ ਸਟ੍ਰੀਕੋਵਾ ਨੂੰ ਇਕਪਾਸੜ ਮੁਕਾਬਲੇ 'ਚ ਸਿੱਧੇ ਸੈਟਾਂ ਵਿਚ 6-1, 6-2 ਨਾਲ ਹਰਾਇਆ। ਸੇਰੇਨਾ ਨੂੰ ਇਹ ਮੈਚ ਜਿੱਤਣ ਲਈ ਸਿਰਫ਼ 59 ਮਿੰਟ ਦਾ ਸਮਾਂ ਲੱਗਿਆ। ਉਥੇ, ਹਾਲੇਪ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜੀ ਹੈ। ਉਨ੍ਹਾਂ ਦੇ ਨਾਮ ਇਕ ਗ੍ਰੈਂਡਸਲੇਮ ਖਿਤਾਬ ਹੈ ਜੋ ਉਨ੍ਹਾਂ ਨੇ ਪਿਛਲੇ ਸਾਲ ਫਰੈਂਚ ਓਪਨ ਦੇ ਰੂਪ ਵਿਚ ਜਿੱਤਿਆ ਸੀ। ਉਹ ਵਿੰਬਲਡਨ ਦੇ ਫਾਈਨਲ ਵਿਚ ਪੁੱਜਣ ਵਾਲੀ ਰੋਮਾਨੀਆ ਦੀ ਪਹਿਲੀ ਖਿਡਾਰੀ ਬਣ ਗਈ। ਹਾਲੇਪ ਆਪਣੇ ਕਰੀਅਰ ਦਾ ਪੰਜਵਾਂ ਗ੍ਰੈਂਡਸਲੇਮ ਫਾਈਨਲ ਮੁਕਾਬਲਾ ਖੇਡੇਗੀ। ਸਿਵਤੋਲਿਨਾ ਦਾ ਪਹਿਲੀ ਵਾਰ ਵਿੰਬਲਡਨ ਫਾਈਨਲ ਖੇਡਣ ਦਾ ਸੁਪਨਾ ਅਧੂਰਾ ਰਹਿ ਗਿਆ। ਹਾਲੇਪ ਨੇ ਉਨ੍ਹਾਂ ਨੂੰ ਹੋਰ ਸੈਮੀਫਾਈਨਲ ਵਿਚ 6-1, 6-3 ਨਾਲ ਹਰਾਇਆ। ਇਹ ਮੈਚ ਇਕ ਘੰਟੇ 13 ਮਿੰਟ ਤਕ ਚੱਲਿਆ। ਸਿਵਤੋਲਿਨਾ ਪਹਿਲੀ ਵਾਰ ਕਿਸੇ ਗ੍ਰੈਂਡਸਲੇਮ ਦੇ ਸੈਮੀਫਾਈਨਲ ਵਿਚ ਪੁੱਜੀ ਸੀ। ਮੈਚ ਜਿੱਤਣ ਤੋਂ ਬਾਅਦ ਹਾਲੇਪ ਨੇ ਕਿਹਾ, 'ਇਹ ਬਹੁਤ ਸ਼ਾਨਦਾਰ ਅਹਿਸਾਸ ਹੈ। ਮੈਂ ਕਾਫੀ ਉਤਸ਼ਾਹਿਤ ਪਰ ਘਬਰਾਈ ਹੋਈ ਸੀ। ਇਹ ਮੇਰੇ ਜੀਵਨ ਦੇ ਸਭ ਤੋਂ ਸ਼ਾਨਦਾਰ ਪਲ ਹਨ ਅਤੇ ਮੈਂ ਇਨ੍ਹਾਂ ਦਾ ਮਜ਼ਾ ਲੈਣ ਦੀ ਕੋਸ਼ਿਸ਼ ਕਰ ਰਹੀ ਹਾਂ। ਇਹ ਇੰਨਾ ਸੌਖਾ ਨਹੀਂ ਹੈ, ਜਿੰਨਾ ਸਕੋਰਲਾਈਨ ਤੋਂ ਦਿਸ ਰਿਹਾ ਹੈ। ਹਰ ਗੇਮ ਕਾਫੀ ਮੁਸ਼ਕਲ ਹੋ ਗਈ ਪਰ ਮੈਂ ਆਪਣੀ ਰਣਨੀਤੀ ਤੋਂ ਕਾਫੀ ਖੁਸ਼ ਹਾਂ ਅਤੇ ਮੈਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਬੇਹੱਦ ਮਜ਼ਬੂਤ ਹਾਂ।