ਨਵੀਂ ਦਿੱਲੀ, ਸਪੋਰਟਸ ਡੈਸਕ : ਭਾਰਤ ਦੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਸ਼ੁੱਕਰਵਾਰ ਨੂੰ ਆਪਣੇ ਆਖਰੀ ਗ੍ਰੈਂਡ ਸਲੈਮ ਮੁਕਾਬਲੇ ਤੋਂ ਬਾਅਦ ਕੋਰਟ 'ਤੇ ਰੋਅ ਗਈ। ਸਾਨੀਆ ਆਪਣੇ ਆਖਰੀ ਗ੍ਰੈਂਡ ਸਲੈਮ ਮੁਕਾਬਲੇ 'ਚ ਰਨਰਅਪ ਰਹੀ। ਸਾਨੀਆ ਮਿਰਜ਼ਾ ਤੇ ਰੋਹਨ ਬੋਪੰਨਾ ਦੀ ਭਾਰਤੀ ਜੋੜੀ ਆਸਟ੍ਰੇਲੀਅਨ ਓਪਨ ਦੇ ਮਿਕਸਡ ਡਬਲਜ਼ ਮੁਕਾਬਲੇ ਦੇ ਫਾਈਨਲ ਵਿੱਚ ਲੁਈਸ ਸਟੇਫਨੀ ਤੇ ਰਾਫੇਲ ਮਾਟੋਸ ਦੀ ਬ੍ਰਾਜ਼ੀਲ ਦੀ ਜੋੜੀ ਤੋਂ ਹਾਰ ਗਈ।

ਸਾਨੀਆ ਮਿਰਜ਼ਾ ਤੇ ਰੋਹਨ ਬੋਪੰਨਾ ਦੀ ਜੋੜੀ ਨੂੰ ਸਟੈਫਨੀ-ਮਾਟੋਸ ਹੱਥੋਂ ਸਿੱਧੇ ਸੈੱਟਾਂ 'ਚ 6-7 ਅਤੇ 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਧਿਆਨ ਰਹੇ ਕਿ ਬ੍ਰਾਜ਼ੀਲ ਦੀ ਜੋੜੀ ਨੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਹੈ। ਐਵਾਰਡ ਸਮਾਗਮ ਦੌਰਾਨ ਜਦੋਂ ਸਾਨੀਆ ਮਿਰਜ਼ਾ ਦੇ ਨਾਂ ਦਾ ਐਲਾਨ ਕੀਤਾ ਗਿਆ ਤਾਂ ਦਰਸ਼ਕਾਂ ਨੇ ਆਪਣੀ ਚਹੇਤੀ ਸੁਪਰਸਟਾਰ ਨੂੰ ਬੜੇ ਉਤਸ਼ਾਹ ਨਾਲ ਵਧਾਈ ਦਿੱਤੀ।

ਸਾਨੀਆ ਮਿਰਜ਼ਾ ਨੇ ਰੋਡ ਲੇਵਰ ਏਰੀਨਾ 'ਚ ਭਾਸ਼ਣ ਦਿੰਦੇ ਹੋਏ ਕਿਹਾ, 'ਜੇਕਰ ਮੈਂ ਰੋਈ ਤਾਂ ਇਹ ਖੁਸ਼ੀ ਦੇ ਹੰਝੂ ਹੋਣਗੇ। ਮੈਂ ਕੁਝ ਹੋਰ ਟੂਰਨਾਮੈਂਟ ਖੇਡਣ ਵਾਲੀ ਹਾਂ, ਪਰ 2005 ਮੈਲਬੌਰਨ 'ਚ ਮੇਰੇ ਕਰੀਅਰ ਦੀ ਸ਼ੁਰੂਆਤ ਹੋਈ। ਮਾਫ ਕਰਨਾ.... ਇੱਥੇ ਸਾਨੀਆ ਫੁੱਟ-ਫੁੱਟ ਕੇ ਰੋਣ ਲੱਗੀ। ਭਾਰਤੀ ਮਹਿਲਾ ਟੈਨਿਸ ਖਿਡਾਰਨ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਅੱਗੇ ਆਪਣੀ ਗੱਲ ਜਾਰੀ ਰੱਖੀ।

ਉਨ੍ਹਾਂ ਕਿਹਾ, 'ਮੈਂ ਸੇਰੇਨਾ ਵਿਲੀਅਮਸ ਦਾ ਸਾਹਮਣਾ ਕੀਤਾ। ਮੈਨੂੰ ਇੱਥੇ ਵਾਰ-ਵਾਰ ਆਉਣ ਦਾ ਮੌਕਾ ਮਿਲਾ ਤੇ ਤੁਹਾਡੇ ਸਾਰਿਆਂ ਸਾਹਮਣੇ ਖੇਡਿਆ। ਤੁਸੀਂ ਲੋਕਾਂ ਨੇ ਮੈਨੂੰ ਇੱਥੇ ਘਰ ਮਹਿਸੂਸ ਕਰਵਾਇਆ। ਰੋਡ ਲੇਵਰ ਏਰੀਨਾ ਖਾਸ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇੱਥੇ ਆਪਣੇ ਬੇਟੇ ਦੇ ਸਾਹਮਣੇ ਗ੍ਰੈਂਡ ਸਲੈਮ ਫਾਈਨਲ ਖੇਡ ਸਕਾਂਗਾ। ਹਾਂ, ਅਜਿਹਾ ਹੋਇਆ ਤੇ ਮੈਂ ਫਾਈਨਲ ਖੇਡਿਆ। ਆਸਟ੍ਰੇਲੀਅਨ ਓਪਨ ਦੇ ਅਧਿਕਾਰਤ ਟਵਿੱਟਰ ਅਕਾਊਂਟ ਨੇ ਸਾਨੀਆ ਦਾ ਵੀਡੀਓ ਪੋਸਟ ਕੀਤਾ ਤੇ ਲਿਖਿਆ, 'ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਸਾਨੀ।' ਭਾਰਤੀ ਟੈਨਿਸ ਸਟਾਰ ਦਾ ਇਹ ਵੀਡੀਓ ਕੁਝ ਹੀ ਸਮੇਂ 'ਚ ਵਾਇਰਲ ਹੋ ਗਈ ਹੈ।

Posted By: Seema Anand