ਹੋਬਾਰਟ (ਪੀਟੀਆਈ) : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਡਬਲਯੂਟੀਏ ਸਰਕਟ 'ਤੇ ਜਿੱਤ ਨਾਲ ਵਾਪਸੀ ਕਰਦੇ ਹੋਏ ਹੋਬਾਰਟ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਯੂਕਰੇਨ ਦੀ ਨਾਦੀਆ ਕਿਚਨੋਕ ਨਾਲ ਮਹਿਲਾ ਡਬਲਜ਼ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।

ਦੋ ਸਾਲ ਬਾਅਦ ਕੋਰਟ 'ਤੇ ਮੁੜੀ ਸਾਨੀਆ ਤੇ ਯੂਕਰੇਨ ਦੀ ਨਾਦੀਆ ਕਿਚੇਨੋਕ ਨੇ ਜਾਰਜੀਆ ਦੀ ਓਕਸਾਨਾ ਕਲਾਸ਼ਨੀਕੋਵਾ ਤੇ ਜਾਪਾਨ ਦੀ ਮੀਊ ਕਾਤੋ ਨੂੰ ਇਕ ਘੰਟੇ 41 ਮਿੰਟ ਤਕ ਚੱਲੇ ਮੁਕਾਬਲੇ ਵਿਚ 2-6, 7-6, 10-3 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਅਮਰੀਕਾ ਦੀ ਵਾਨੀਆ ਕਿੰਗ ਤੇ ਸਟੀਨਾ ਮੈਕਹੇਲ ਨਾਲ ਹੋਵੇਗਾ। ਅਮਰੀਕੀ ਜੋੜੀ ਨੇ ਚੌਥਾ ਦਰਜਾ ਹਾਸਲ ਸਪੇਨ ਦੀ ਜਾਰਜੀਆ ਗਾਰਸੀਆ ਪੇਰੇਜ ਤੇ ਸਾਰਾ ਸੌਰੀਬੇਜ ਤੋਰਮੋ ਨੂੰ 6-2, 7-5 ਨਾਲ ਮਾਤ ਦਿੱਤੀ। ਸਾਨੀਆ ਤੇ ਚੇਨੋਕ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਨ੍ਹਾਂ ਨੇ ਦੋ ਵਾਰ ਡਬਲ ਫਾਲਟ ਕੀਤੇ।

ਇਸ ਨਾਲ ਹੀ ਸੱਤ ਬ੍ਰੇਕ ਪੁਆਇੰਟ ਵਿਚੋਂ ਇਕ ਦਾ ਲਾਭ ਲੈ ਸਕੀਆਂ। ਇਸ ਕਾਰਨ ਪਹਿਲਾ ਸੈੱਟ ਗੁਆ ਦਿੱਤਾ। ਦੂਜੇ ਸੈੱਟ ਵਿਚ ਹਾਲਾਂਕਿ ਦੋਵਾਂ ਨੇ ਚੰਗੀ ਵਾਪਸੀ ਕੀਤੀ। ਦੋਵਾਂ ਟੀਮਾਂ ਨੇ ਤਿੰਨ ਤਿੰਨ ਬ੍ਰੇਕ ਪੁਆਇੰਟਾਂ ਦਾ ਲਾਭ ਉਠਾਇਆ। ਸਖ਼ਤ ਮੁਕਾਬਲੇ ਵਿਚਾਲੇ ਇਹ ਸੈੱਟ ਜਿੱਤ ਕੇ ਸਾਨੀਆ ਤੇ ਕਿਚੇਨੋਕ ਨੇ ਮੈਚ ਟਾਈ ਬ੍ਰੇਕਰ ਤਕ ਖਿੱਚਿਆ। ਟਾਈ ਬ੍ਰੇਕਰ ਵਿਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਨੇ ਜਿੱਤ ਦਰਜ ਕੀਤੀ।

ਨੰਬਰ ਇਕ ਖਿਡਾਰਨ ਰਹਿ ਚੁੱਕੀ ਹੈ ਮਿਰਜ਼ਾ

ਸਾਨੀਆ ਮਾਂ ਬਣਨ ਕਾਰਨ ਦੋ ਸਾਲ ਤਕ ਟੈਨਿਸ ਤੋਂ ਦੂਰ ਰਹੀ ਸੀ। ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਨਾਲ ਨਿਕਾਹ ਕਰਨ ਵਾਲੀ ਸਾਨੀਆ ਨੇ 2018 ਵਿਚ ਇਜ਼ਹਾਨ ਨੂੰ ਜਨਮ ਦਿੱਤਾ। ਉਨ੍ਹਾਂ ਨੇ ਅਕਤੂਬਰ 2017 ਵਿਚ ਪਿਛਲਾ ਟੂਰਨਾਮੈਂਟ ਖੇਡਿਆ ਸੀ। ਭਾਰਤੀ ਟੈਨਿਸ ਨੂੰ ਨਵੀਆਂ ਬੁਲੰਦੀਆਂ ਤਕ ਲਿਜਾਣ ਵਾਲੀ ਸਾਨੀਆ ਡਬਲਜ਼ ਵਿਚ ਨੰਬਰ ਇਕ ਰਹਿ ਚੁੱਕੀ ਹੈ ਤੇ ਛੇ ਵਾਰ ਦੀ ਗਰੈਂਡ ਸਲੈਮ ਜੇਤੂ ਹੈ। ਉਨ੍ਹਾਂ ਨੇ 2013 ਵਿਚ ਸਿੰਗਲਜ਼ ਟੈਨਿਸ ਖੇਡਣਾ ਛੱਡ ਦਿੱਤਾ ਸੀ। ਉਹ 2007 ਵਿਚ ਡਬਲਯੂਟੀਏ ਸਿੰਗਲਜ਼ ਰੈਂਕਿੰਗ ਵਿਚ 27ਵੇਂ ਸਥਾਨ ਤਕ ਪੁੱਜੀ ਸੀ। ਆਪਣੇ ਕਰੀਅਰ ਵਿਚ ਉਹ ਲਗਾਤਾਰ ਗੁੱਟ ਤੇ ਗੋਡੇ ਦੀ ਸੱਟ ਨਾਲ ਪਰੇਸ਼ਾਨ ਰਹੀ।

'ਇਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਸ਼ਾਨਦਾਰ ਦਿਨ ਹੈ। ਲੰਬੇ ਸਮੇਂ ਬਾਅਦ ਮੇਰੇ ਪਰਿਵਾਰ ਤੇ ਪੁੱਤਰ ਨੇ ਮੇਰਾ ਮੈਚ ਦੇਖਿਆ ਤੇ ਅਸੀਂ ਮੈਚ ਜਿੱਤ ਗਏ। ਇਹ ਮੈਚ ਜਿੱਤ ਕੇ ਮੈਨੂੰ ਚੰਗਾ ਲੱਗ ਰਿਹਾ ਹੈ।'

-ਸਾਨੀਆ ਮਿਰਜ਼ਾ, ਭਾਰਤੀ ਟੈਨਿਸ ਖਿਡਾਰਨ