ਨਵੀਂ ਦਿੱਲੀ (ਏਐੱਫਪੀ) : ਲਿਵਰਪੂਲ ਦੇ ਸਟਾਰ ਸਟ੍ਰਾਈਕਰ ਮੁਹੰਮਦ ਸਲਾਹ ਨੇ ਸ਼ਨਿਚਰਵਾਰ ਨੂੰ ਇਕ ਵੀਡੀਓ ਪੋਸਟ ਕਰ ਕੇ ਉਨ੍ਹਾਂ ਦੇ ਤੇ ਸਾਥੀ ਖਿਡਾਰੀ ਸਾਦੀਓ ਮਾਨੇ ਵਿਚਾਲੇ ਦਰਾਰ ਦੀਆਂ ਖ਼ਬਰਾਂ ਨੂੰ ਖ਼ਾਰਜ ਕੀਤਾ। ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਮਾਨੇ ਤੇ ਸਲਾਹ ਨੂੰ ਬੱਚਿਆਂ ਦੇ ਰੂਪ ਵਿਚ ਦਿਖਾਇਆ ਗਿਆ ਤੇ ਦੋਵੇਂ ਇਕ ਦੂਜੇ ਨੂੰ ਗਲੇ ਲਾ ਰਹੇ ਹਨ। ਉਸੇ ਵੀਡੀਓ ਨੂੰ ਸਲਾਹ ਨੇ ਸ਼ਨਿਚਰਵਾਰ ਨੂੰ ਪੋਸਟ ਕੀਤਾ ਜਿਸ ਵਿਚ ਲਿਵਰਪੂਲ ਦੇ ਮੈਨੇਜਰ ਜੁਰਜੇਨ ਕਲੋਪ ਵੀ ਮੁਸਕਰਾਉਂਦੇ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਮਾਨੇ ਨੇ ਇੰਗਲਿਸ਼ ਪ੍ਰੀਮੀਅਰ ਲੀਗ ਦੌਰਾਨ ਬਰਨਲੇ ਐੱਫਸੀ ਖ਼ਿਲਾਫ਼ ਮੁਕਾਬਲੇ ਵਿਚ ਬਦਲਵੇਂ ਖਿਡਾਰੀ ਦੇ ਰੂਪ ਵਿਚ ਉਤਰਨ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਸ ਮੁਕਾਬਲੇ ਨੂੰ ਲਿਵਰਪੂਲ ਨੇ 3-0 ਨਾਲ ਜਿੱਤਿਆ ਸੀ ਪਰ ਇਕ ਮੌਕੇ 'ਤੇ ਸਲਾਹ ਗੇਂਦ ਨੂੰ ਮਾਨੇ ਵੱਲ ਪਾਸ ਨਹੀਂ ਕਰ ਸਕੇ ਸਨ।