ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਮਹਿਲਾ ਸ਼ਟਲਰ ਸਾਇਨਾ ਨੇਹਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਅਗਲੇ ਹਫ਼ਤੇ ਖੇਡੇ ਜਾਣ ਵਾਲੇ ਡੈਨਮਾਰਕ ਓਪਨ ਲਈ ਵੀਜ਼ਾ ਬਿਨੈ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਸਮੇਂ ਨਾਲ ਪੂਰੀ ਹੋ ਜਾਵੇਗੀ। ਸਾਇਨਾ ਨੂੰ ਡੈਨਮਾਰਕ ਲਈ ਵੀਜ਼ਾ ਮਿਲਣ ਵਿਚ ਪਰੇਸ਼ਾਨੀ ਹੋ ਰਹੀ ਸੀ ਜਿਸ ਨੂੰ ਹੱਲ ਕਰਨ ਲਈ ਉਨ੍ਹਾਂ ਨੇ ਸੋਮਵਾਰ ਸ਼ਾਮ ਨੂੰ ਟਵੀਟ ਕਰ ਕੇ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਸੀ। ਸਾਇਨਾ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਵੀਜ਼ਾ ਬਿਨੈ ਦੀ ਪ੍ਰਕਿਰਿਆ ਮੰਗਲਵਾਰ ਨੂੰ ਹੈਦਰਾਬਾਦ ਵਿਚ ਸ਼ੁਰੂ ਹੋਈ। ਨਾਮੁਮਕਿਨ ਨੂੰ ਮੁਮਕਿਨ ਕਰਨ ਲਈ ਸੰਜੀਵ ਗੁਪਤਾ (ਗ੍ਹਿ ਮੰਤਰਾਲੇ ਦੇ ਅਧਿਕਾਰੀ) ਤੇ ਡੈਨਮਾਰਕ ਅੰਬੈਸੀ ਨੂੰ ਛੁੱਟੀ ਦੇ ਦਿਨ ਵੀ ਕੰਮ ਕਰਨ ਲਈ ਸ਼ੁਕਰੀਆ। ਉਮੀਦ ਹੈ ਕਿ ਸ਼ੁੱਕਰਵਾਰ ਨੂੰ ਉਡਾਣ ਭਰਣ ਤੋਂ ਪਹਿਲਾਂ ਵੀਜ਼ਾ ਮਿਲ ਜਾਵੇਗਾ।

15 ਤੋਂ 20 ਅਕਤੂਬਰ ਨੂੰ ਖੇਡਿਆ ਜਾਵੇਗਾ ਟੂਰਨਾਮੈਂਟ :

ਡੈਨਮਾਰਕ ਓਪਨ ਚੋਟੀ ਦਾ ਬੀਡਬਲਯੂਐੱਫ ਸੁਪਰ 750 ਟੂਰਨਾਮੈਂਟ ਹੈ ਜੋ 15 ਤੋਂ 20 ਅਕਤੂਬਰ ਤਕ ਓਡੇਂਸੇ ਵਿਚ ਖੇਡਿਆ ਜਾਵੇਗਾ। ਓਲੰਪਿਕ ਕਾਂਸੇ ਦਾ ਮੈਡਲ ਜੇਤੂ 29 ਸਾਲ ਦੀ ਸਾਇਨਾ ਪਿਛਲੇ ਸਾਲ ਇਸ ਟੂਰਨਾਮੈਂਟ ਦੀ ਉੱਪ ਜੇਤੂ ਰਹੀ ਸੀ। ਉਹ ਫਾਈਨਲ ਵਿਚ ਚੀਨ ਦੀ ਤਾਈ ਜੂ ਯਿੰਗ ਹੱਥੋਂ ਹਾਰ ਗਈ ਸੀ।