ਪੈਰਿਸ (ਪੀਟੀਆਈ) : ਲੰਡਨ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਸਾਇਨਾ ਨੇਹਵਾਲ ਨੇ ਓਰਲਿੰਸ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿਚ ਵੀਰਵਾਰ ਨੂੰ ਫਰਾਂਸ ਦੀ ਮੈਰੀ ਬਾਟੋਮੀਨੇ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਚੌਥੀ ਵਾਰ ਓਲੰਪਿਕ ਵਿਚ ਥਾਂ ਬਣਾਉਣ ਦੀ ਕਵਾਇਦ ਵਿਚ ਲੱਗੀ ਇਸ ਭਾਰਤੀ ਖਿਡਾਰੀ ਨੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਚੰਗੀ ਵਾਪਸੀ ਕੀਤੀ ਤੇ ਓਲੰਪਿਕ ਕੁਆਲੀਫਿਕੇਸ਼ਨ ਨਾਲ ਜੁੜੇ ਇਸ ਸੁਪਰ 100 ਟੂਰਨਾਮੈਂਟ ਵਿਚ 51 ਮਿੰਟ ਤਕ ਚੱਲੇ ਮੈਚ ਵਿਚ 18-21, 21-15, 21-10 ਨਾਲ ਜਿੱਤ ਦਰਜ ਕੀਤੀ। ਪੱਟ ਦੀ ਸੱਟ ਕਾਰਨ ਪਿਛਲੇ ਹਫ਼ਤੇ ਆਲ ਇੰਗਲੈਂਡ ਚੈਂਪੀਅਨਸ਼ਿਪ ਤੋਂ ਹਟਣ ਵਾਲੀ ਸਾਇਨਾ ਦਾ ਸਾਹਮਣਾ ਹੁਣ ਫਰਾਂਸ ਦੀ ਯੇਲੀ ਹੋਯਾਕਸ ਤੇ ਮਲੇਸ਼ੀਆ ਦੀ ਆਇਰਿਸ ਵਾਂਗ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਨਾਲ ਹੋਵੇਗਾ। ਵਿਸ਼ਵ ਵਿਚ 162ਵੇਂ ਨੰਬਰ ਦੀ ਇਰਾ ਸ਼ਰਮਾ ਨੇ ਵੀ ਬੁਲਗਾਰੀਆ ਦੀ ਵਿਸ਼ਵ ਵਿਚ 71ਵੇਂ ਨੰਬਰ ਦੀ ਮਾਰੀਆ ਮਿਤਸੋਵਾ ਨੂੰ 21-18, 21-13 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ ਭਾਰਤ ਦੀ ਅਸ਼ਵਿਨੀ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਦੀ ਜੋੜੀ ਨੇ ਮਹਿਲਾ ਡਬਲਜ਼ ਵਿਚ ਡੈਨਮਾਰਕ ਦੀ ਅਮੇਲੀ ਤੇ ਫ੍ਰੇਜ਼ਾ ਰਾਵਨ ਨੂੰ 21-9, 17-21, 21-19 ਨਾਲ ਹਰਾਇਆ। ਐੱਮਆਰ ਅਰਜੂਨ ਤੇ ਧਰੁਵ ਕਪਿਲਾ ਦੀ ਮਰਦ ਡਬਲਜ਼ ਜੋੜੀ ਨੇ ਇੰਗਲੈਂਡ ਦੇ ਮੈਥਿਊ ਕਲੇਰ ਤੇ ਇਥਹਾਨ ਵਾਨ ਲੀਯੁਵੇਨ ਨੂੰ 21-14, 21-16 ਨਾਲ ਮਾਤ ਦਿੱਤੀ।

ਕ੍ਰਿਸ਼ਨ ਤੇ ਵਿਸ਼ਣੂ ਦੀ ਜੋੜੀ ਨੂੰ ਮਿਲੀ ਜਿੱਤ :

ਕ੍ਰਿਸ਼ਨ ਪ੍ਰਸਾਦ ਗਰਾਗਾ ਤੇ ਵਿਸ਼ਣੂ ਵਰਧਨ ਗੌੜ ਪੰਜਾਲਾ ਦੀ ਇਕ ਹੋਰ ਭਾਰਤੀ ਮਰਦ ਜੋੜੀ ਨੇ ਇੰਡੋਨੇਸ਼ੀਆ ਦੇ ਅਬਿਯੂ ਫੌਜਾਨ ਤੇ ਹਬੀਬ ਅਲਫਰੀਜ਼ ਨੂੰ 21-10, 21-17 ਨਾਲ ਹਰਾਇਆ। ਮਿਥੁਨ ਮੰਜੂਨਾਥ ਨੂੰ ਹਾਲਾਂਕਿ ਸਿੰਗਲਜ਼ ਵਿਚ ਜਰਮਨੀ ਦੇ ਕੇਈ ਸ਼ੀਫਰ ਹੱਥੋਂ 21-13, 21-9, 22-24 ਨਾਲ ਹਾਰ ਮਿਲੀ।