ਜਕਾਰਤਾ (ਪੀਟੀਆਈ) : ਵਿਸ਼ਵ ਚੈਂਪੀਅਨ ਪੀਵੀ ਸਿੰਧੂ ਬੁੱਧਵਾਰ ਨੂੰ ਇੱਥੇ ਜਾਪਾਨ ਦੀ ਅਇਆ ਓਹੋਰੀ 'ਤੇ ਸੰਘਰਸ਼ਪੂਰਨ ਜਿੱਤ ਤੋਂ ਬਾਅਦ ਇੰਡੋਨੇਸ਼ੀਆ ਮਾਸਟਰਜ਼ 500 ਟੂਰਨਾਮੈਂਟ ਦੇ ਦੂਜੇ ਗੇੜ ਵਿਚ ਪੁੱਜ ਗਈ ਪਰ ਸਾਬਕਾ ਚੈਂਪੀਅਨ ਸਾਇਨਾ ਨੇਹਵਾਲ ਨੂੰ ਪਹਿਲੇ ਗੇੜ ਵਿਚ ਉਲਟਫੇਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਟੂਰਨਾਮੈਂਟ 'ਚੋਂ ਬਾਹਰ ਹੋ ਗਈ ਹੈ। ਮਰਦ ਸਿੰਗਲਜ਼ ਵਿਚ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੇ ਦਾ ਮੈਡਲ ਜੇਤੂ ਬੀ ਸਾਈ ਪ੍ਰਣੀਤ, ਕਿਦਾਂਬੀ ਸ਼੍ਰੀਕਾਂਤ ਤੇ ਸੌਰਭ ਵਰਮਾ ਦੀ ਚੁਣੌਤੀ ਵੀ ਸਮਾਪਤ ਹੋ ਗਈ। ਪੰਜਵਾਂ ਦਰਜਾ ਸਿੰਧੂ ਨੇ ਇਕ ਗੇਮ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਓਹੋਰੀ 'ਤੇ 14-21, 21-15, 21-11 ਨਾਲ ਜਿੱਤ ਦਰਜ ਕੀਤੀ। ਸਾਇਨਾ ਦਾ ਖ਼ਰਾਬ ਦੌਰ ਕਾਇਮ ਹੈ ਜਿਨ੍ਹਾਂ ਨੂੰ ਤਾਕਾਹਾਸ਼ੀ ਹੱਥੋਂ 21-19, 13-21, 5-21 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਸ੍ਰੀਕਾਂਤ ਨੂੰ ਸਥਾਨਕ ਖਿਡਾਰੀ ਸ਼ੇਸਰ ਹਿਰੇਨ ਰੁਸਤਾਵਿਤੋ ਹੱਥੋਂ 21-18, 12-21, 14-21 ਨਾਲ ਹਾਰ ਮਿਲੀ। ਪ੍ਰਣੀਤ ਨੂੰ ਅੱਠਵਾਂ ਦਰਜਾ ਚੀਨ ਦੇ ਸ਼ੀ ਯੂ ਕਿਊਈ ਹੱਥੋਂ 21-16, 18-21, 10-21 ਨਾਲ ਹਾਰ ਮਿਲੀ ਜਦਕਿ ਸੌਰਭ ਨੂੰ ਚੀਨ ਦੇ ਲੂ ਗੁਆਂਗਜੂ ਹੱਥੋਂ 21-17, 15-21, 10-21 ਨਾਲ ਮਾਤ ਦਾ ਸਾਹਮਣਾ ਕਰਨਾ ਪਿਆ। ਮਿਕਸਡ ਡਬਲਜ਼ ਵਿਚ ਪ੍ਰਣਵ ਜੇਰੀ ਚੋਪੜਾ ਤੇ ਸਿੱਕੀ ਰੈੱਡੀ ਨੂੰ ਇਆਨ ਹਵੇ ਵੋਨ ਤੇ ਕੋ ਸੁੰਗ ਹੂਨ ਦੀ ਦੱਖਣੀ ਕੋਰੀਆਈ ਜੋੜੀ ਹੱਥੋਂ 8-21, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਮੋਮੋਤਾ ਘਰ ਮੁੜੇ

ਟੋਕੀਓ : ਦੁਨੀਨਾ ਦੇ ਨੰਬਰ ਇਕ ਮਰਦ ਬੈਡਮਿੰਟਨ ਖਿਡਾਰੀ ਕੇਂਤੋ ਮੋਮੋਤਾ ਨੂੰ ਬੁੱਧਵਾਰ ਨੂੰ ਮਲੇਸ਼ੀਆ ਦੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਆਪਣੇ ਦੇਸ਼ ਜਾਪਾਨ ਮੁੜ ਗਏ। ਦੋ ਦਿਨ ਪਹਿਲਾਂ ਇਕ ਸੜਕ ਹਾਦਸੇ ਵਿਚ ਉਨ੍ਹਾਂ ਦੇ ਡਰਾਈਵਰ ਦੀ ਮੌਤ ਹੋ ਗਈ ਸੀ ਜਦਕਿ ਉਨ੍ਹਾਂ ਨੂੰ ਸੱਟ ਲੱਗੀ ਸੀ।