ਨਵੀਂ ਦਿੱਲੀ (ਜੇਐੱਨਐੱਨ) : ਥਾਈਲੈਂਡ ਓਪਨ ਵਿਚ ਮੰਗਲਵਾਰ ਨੂੰ ਉਸ ਸਮੇਂ ਦਿਲਚਸਪ ਮੋੜ ਆ ਗਿਆ ਜਦ ਇਹ ਪਤਾ ਲੱਗਾ ਕਿ ਭਾਰਤ ਦੇ ਸਿਖ਼ਰਲੇ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਤੇ ਐੱਚਐੱਸ ਪ੍ਰਣਯ ਹੁਣ ਆਪਣੇ ਪਹਿਲੇ ਗੇੜ ਦੇ ਮੈਚ ਬੁੱਧਵਾਰ ਨੂੰ ਖੇਡਣਗੇ। ਪ੍ਰਬੰਧਕਾਂ ਨੇ ਭਾਰਤੀ ਮੈਨੇਜਮੈਂਟ ਨੂੰ ਜਾਣਕਾਰੀ ਦਿੱਤੀ ਹੈ ਕਿ ਸਾਇਨਾ ਤੇ ਪ੍ਰਣਯ ਦੇ ਕੋਵਿਡ-19 ਲਈ ਹੋਏ ਟੈਸਟ ਨੈਗੇਟਿਵ ਆਏ ਹਨ ਤੇ ਉਨ੍ਹਾਂ ਦੇ ਮੈਚ ਬੁੱਧਵਾਰ ਨੂੰ ਹੋਣਗੇ। ਹਾਲਾਂਕਿ ਪਾਰੂਪੱਲੀ ਕਸ਼ਯਪ ਦੀ ਹਿੱਸੇਦਾਰੀ ਉਨ੍ਹਾਂ ਦੇ ਟੈਸਟ ਦੇ ਨਤੀਜੇ 'ਤੇ ਨਿਰਭਰ ਕਰੇਗੀ। ਇਸ ਦੀ ਪੁਸ਼ਟੀ ਕਰਦੇ ਹੋਏ ਵਿਸ਼ਵ ਬੈਡਮਿੰਟਨ ਮਹਾਸੰਘ (ਬੀਡਬਲਯੂਐੱਫ) ਨੇ ਕਿਹਾ ਕਿ ਬੀਡਬਲਯੂਐੱਫ ਉਨ੍ਹਾਂ ਚਾਰ ਖਿਡਾਰੀਆਂ ਵਿਚੋਂ ਤਿੰਨ ਦੀ ਖੇਡਣ ਦੀ ਪੁਸ਼ਟੀ ਕਰ ਸਕਦਾ ਹੈ ਜੋ ਐੱਚਐੱਸਬੀਸੀ ਬੀਡਬਲਯੂਐੱਫ ਵਿਸ਼ਵ ਟੂਰ ਦੇ ਏਸ਼ਿਆਈ ਗੇੜ ਵਿਚ ਕੋਵਿਡ-19 ਲਈ ਹੋਏ ਟੈਸਟ ਵਿਚ ਪਾਜ਼ੇਟਿਵ ਰਹੇ ਸਨ। ਉਨ੍ਹਾਂ ਨੂੰ ਡਰਾਅ ਵਿਚ ਆਪਣੀ ਥਾਂ ਲੈਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਸਾਇਨਾ ਨੇਹਵਾਲ (ਭਾਰਤ), ਐੱਚਐੱਸ ਪ੍ਰਣਯ (ਭਾਰਤ) ਤੇ ਜੋਂਸ ਰਾਲਫੀ ਜੇਨਸੇਨ (ਜਰਮਨੀ) ਦੇ ਖੇਡਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਤੀਜੇ ਗੇੜ ਦੇ ਟੈਸਟ ਵਿਚ ਕੋਵਿਡ-19 ਪਾਜ਼ੇਵਿਟ ਪਾਏ ਜਾਣ ਤੋਂ ਬਾਅਦ ਇਨ੍ਹਾਂ ਖਿਡਾਰੀਆਂ ਨੂੰ ਥਾਈਲੈਂਡ ਓਪਨ ਤੋਂ ਹਟਣ ਲਈ ਮਜਬੂਰ ਹੋਣਾ ਪਿਆ ਸੀ ਪਰ ਇਸ ਤੋਂ ਬਾਅਦ ਪਤਾ ਲੱਗਾ ਕਿ ਇਕ ਉੱਚ ਪੱਧਰੀ ਥਾਈ ਚਕਿਤਸਾ ਕਮੇਟੀ ਨੇ ਉਨ੍ਹਾਂ ਦੀ ਰਿਪੋਰਟ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਹਰੀ ਝੰਡੀ ਦੇ ਦਿੱਤੀ।