ਨਵੀਂ ਦਿੱਲੀ (ਪੀਟੀਆਈ) : ਖੇਡ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਭਾਰਤੀ ਖੇਡ ਅਥਾਰਟੀ (ਸਾਈ) ਦੇ ਅਗਲੇ ਤੇ ਆਧੁਨਿਕ ਰੂਪ ਹਾਸਲ ਕਰਨ ਵਾਲੇ ਖੇਡ ਕੇਂਦਰਾਂ ਦੇ ਨਾਂ ਦੇਸ਼ ਦੇ ਮਸ਼ਹੂਰ ਖਿਡਾਰੀਆਂ ਦੇ ਨਾਂ 'ਤੇ ਰੱਖਣ ਦਾ ਫ਼ੈਸਲਾ ਕੀਤਾ ਹੈ। ਸਾਈ ਨੇ ਕਿਹਾ ਕਿ ਦੇਸ਼ ਦੇ ਖੇਡ ਨਾਇਕਾਂ ਨੂੰ ਸਨਮਾਨ ਦੇਣ ਲਈ ਇਹ ਪਹਿਲ ਸ਼ੁਰੂ ਕੀਤੀ ਗਈ ਹੈ।

ਪਹਿਲੇ ਗੇੜ ਵਿਚ ਲਖਨਊ ਦੇ ਨੈਸ਼ਨਲ ਸੈਂਟਰ ਆਫ ਐਕਸੀਲੈਂਸ (ਐੱਨਸੀਓਈ) ਵਿਚ ਨਵੇਂ ਬਣੇ ਏਸੀ ਕੁਸ਼ਤੀ ਹਾਲ ਤੇ ਸਵੀਮਿੰਗ ਪੂਲ, ਭੋਪਾਲ ਦੇ ਐੱਨਸੀਓਈ ਵਿਚ 100 ਬੈੱਡਾਂ ਦੇ ਹਾਸਟਲ, ਐੱਨਸੀਓਈ ਸੋਨੀਪਤ ਵਿਚ ਬਹੁ ਉਦੇਸ਼ੀ ਹਾਲ ਤੇ ਕੁੜੀਆਂ ਦੇ ਹਾਸਟਲ ਤੋਂ ਇਲਾਵਾ ਗੁਹਾਟੀ ਦੇ ਸਾਈ ਅਭਿਆਸ ਕੇਂਦਰ ਦਾ ਨਾਂ ਸਥਾਨਕ ਖਿਡਾਰੀਆਂ ਦੇ ਨਾਂ 'ਤੇ ਰੱਖਿਆ ਜਾਵੇਗਾ।

ਇਸ ਮੌਕੇ 'ਤੇ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਦੇਸ਼ ਵਿਚ ਖੇਡ ਸੱਭਿਆਚਾਰ ਦੇ ਵਿਕਾਸ ਲਈ ਇਹ ਮਹੱਤਵਪੂਰਨ ਹੈ ਕਿ ਸਾਡੇ ਖਿਡਾਰੀਆਂ ਨੂੰ ਉਹ ਸਨਮਾਨ ਮਿਲੇ ਜਿਸ ਦੇ ਉਹ ਹੱਕਦਾਰ ਹਨ ਤਦ ਹੀ ਨੌਜਵਾਨ ਪੀੜ੍ਹੀ ਖੇਡਾਂ ਨੂੰ ਕਰੀਅਰ ਦੇ ਰੂਪ ਵਿਚ ਅਪਨਾਉਣ ਲਈ ਪ੍ਰੇਰਿਤ ਹੋਵੇਗੀ।

ਮੰਤਰਾਲੇ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਸ ਨੇ ਕਿਨ੍ਹਾਂ ਖਿਡਾਰੀਆਂ ਦੇ ਨਾਂ 'ਤੇ ਇਨ੍ਹਾਂ ਖੇਡ ਕੇਂਦਰਾਂ ਦੇ ਨਾਂ ਰੱਖਣ ਦਾ ਫ਼ੈਸਲਾ ਕੀਤਾ ਹੈ।