ਪੰਜਾਬੀ ਪਹਿਲਵਾਨੀ ਦੇ ਪਿਛੋਕੜ ਦੇ ਵਰਕੇ ਜੇ ਉਥੱਲੀਏ ਤਾਂ ਮੈਨੂੰ ਯਾਦ ਹੈ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਮੈਂ ਪਾਕਿਸਤਾਨ ਦੇ ਕਸੂਰ ਸ਼ਹਿਰ ਸਥਿਤ ਗੌਰਮਿੰਟ ਹਾਈ ਸਕੂਲ 'ਚ ਛੇਵੀਂ ਜਮਾਤ ਵਿਚ ਪੜ੍ਹਦਾ ਸਾਂ। ਸਾਡੇ ਸਕੂਲ ਦੇ ਰਸਤੇ ਵਿਚ ਮੁਸਲਮਾਨ ਫ਼ਕੀਰਾਂ ਦਾ ਇਕ ਤਕੀਆ ਆਉਂਦਾ ਸੀ ਅਤੇ ਉਸ ਤਕੀਏ ਵਿਚ ਕੁਸ਼ਤੀ ਦਾ ਇਕ ਅਖਾੜਾ ਗੋਡਿਆ ਹੁੰਦਾ ਸੀ। ਅਕਸਰ ਇੱਥੇ ਮੁੱਛ-ਫੁੱਟ ਗੱਭਰੂ ਪਹਿਲਵਾਨੀ ਕਰਦੇ ਵਿਖਾਈ ਦਿੰਦੇ ਸਨ। ਇਨ੍ਹਾਂ ਅਖਾੜਿਆਂ ਦਾ ਪਹਿਲਵਾਨ ਧਰਮ ਅਸਥਾਨਾਂ ਵਾਂਗ ਸਤਿਕਾਰ ਕਰਿਆ ਕਰਦੇ ਸਨ।

ਤਕੀਏ, ਡੇਰੇ ਤੇ ਬਗ਼ੀਚੀਆਂ ਵਿਚਲੇ ਅਖਾੜੇ

ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਵਿਚ ਕੁਸ਼ਤੀ ਦੇ ਅਜਿਹੇ ਅਖਾੜੇ ਮੁਸਲਮਾਨ ਫ਼ਕੀਰਾਂ ਦੇ ਤਕੀਆਂ, ਨਾਥਾਂ ਦੇ ਡੇਰਿਆਂ, ਮਹੰਤਾਂ ਦੀਆਂ ਬਗ਼ੀਚੀਆਂ ਵਿਚ ਆਮ ਹੋਇਆ ਕਰਦੇ ਸਨ। ਪਿੰਡਾਂ ਵਿਚ ਤਾਂ ਉਸ ਸਮੇਂ ਦੋ ਹੀ ਖੇਡਾਂ, ਕੁਸ਼ਤੀ ਅਤੇ ਕਬੱਡੀ ਹੋਇਆ ਕਰਦੀਆਂ ਸਨ। ਮੈਨੂੰ ਯਾਦ ਹੈ ਕਿ ਕਸੂਰ ਇਲਾਕੇ ਦਾ ਨਾਮੀ ਪਹਿਲਵਾਨ ਮੰਗਲ ਸਿੰਘ ਤਰਗਾ ਦੀਆਂ ਧੁੰਮਾਂ ਸਾਰੇ ਪੰਜਾਬ ਵਿਚ ਹੁੰਦੀਆਂ ਸਨ। ਉਸ ਦਾ ਪਿੰਡ ਤਰਗਾ ਕਸੂਰ ਸ਼ਹਿਰ ਦੇ ਨੇੜੇ ਹੀ ਪੈਂਦਾ ਸੀ ਅਤੇ ਉਸ ਦੇ ਪਿੰਡ ਦਾ ਰਾਹ ਸਾਡੇ ਮੁਹੱਲੇ ਕੋਟ ਆਜ਼ਮਖ਼ਾਨ ਵਿੱਚੋਂ ਦੀ ਜਾਂਦਾ ਸੀ। ਮੰਗਲ ਸਿੰਘ ਤਰਗਾ ਉੱਚਾ, ਲੰਬਾ, ਚੌੜੀ ਛਾਤੀ ਤੇ ਸੁਡੌਲ ਜਿਸਮ ਦਾ ਮਾਲਕ ਸੀ। ਉਹ ਤੇੜ ਚਿੱਟਾ ਚਾਦਰਾ, ਚਿੱਟਾ ਕੁੜਤਾ ਤੇ ਸ਼ਮਲਾ ਛੱਡ ਕੇ ਬੰਨ੍ਹੀ ਪੱਗ ਨਾਲ ਆਪਣੀ ਸ਼ਿੰਗਾਰੀ ਹੋਈ ਘੋੜੀ 'ਤੇ ਬੈਠ ਕੇ ਜਦੋਂ ਸਾਡੇ ਕੋਲੋਂ ਦੀ ਲੰਘਦਾ ਸੀ ਤਾਂ ਅਸੀਂ ਉੱਥੇ ਖੇਡ ਰਹੇ ਮੁੰਡੇ ਖ਼ੁਸ਼ੀ ਵਿਚ ਉਸ ਵੱਲ ਇਸ਼ਾਰਾ ਕਰ ਕੇ ਉੱਚੀ-ਉੱਚੀ ਇਕ ਦੂਜੇ ਨੂੰ ਆਖਦੇ ਕਿ 'ਉਹ ਪਹਿਲਵਾਨ ਮੰਗਲ ਸਿੰਘ ਤਰਗਾ ਜਾ ਰਿਹਾ ਜੇ।'

ਮੰਗਲ ਸਿੰਘ ਤਰਗਾ ਬਾਰੇ ਇਲਾਕੇ ਵਿਚ ਇਹ ਗੱਲ ਬੜੀ ਮਸ਼ਹੂਰ ਸੀ ਕਿ ਉਹ ਛੰਨਾ-ਛੰਨਾ ਖਿਓ ਦਾ ਡੀਕ ਲਾ ਕੇ ਪੀ ਜਾਂਦਾ ਹੈ ਤੇ ਉਸ ਅੰਦਰ ਦਰਿਆ ਦੇ ਸ਼ੂਕਦੇ ਪਾਣੀ ਜਿੰਨੀ ਤਾਕਤ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਹਿਲਵਾਨਾਂ ਦੀ ਖ਼ੁਰਾਕ ਆਮ ਕਰਕੇ ਘਰ ਦਾ ਦੁੱਧ, ਘਿਓ, ਮੱਖਣ, ਚਾਟੀ ਦੀ ਲੱਸੀ, ਬਦਾਮਾਂ ਦੀਆਂ ਗਿਰੀਆਂ ਦੀ ਸ਼ਰਦਾਈ, ਬੱਕਰੇ ਅਤੇ ਕੁੱਕੜ ਦਾ ਦੇਸੀ ਘਿਓ 'ਚ ਬਣਿਆ ਮੀਟ ਆਦਿ ਹੋਇਆ ਕਰਦੀ ਸੀ।

ਪੰਜਾਬ ਦੇ ਕੁਝ ਨਾਮੀ ਪਹਿਲਵਾਨ

ਜਿੱਥੋਂ ਤਕ ਪਹਿਲਵਾਨਾਂ ਦੀ ਕਸਰਤ ਦਾ ਸਵਾਲ ਹੈ, ਅਖਾੜੇ ਵਿਚ ਖ਼ੂਨ-ਪਸੀਨਾ ਇਕ ਕਰਨ ਤੋਂ ਇਲਾਵਾ ਪਹਿਲਵਾਨ ਆਪਣੇ ਜਿਸਮ ਨੂੰ ਤਾਕਤਵਰ ਤੇ ਫ਼ੁਰਤੀਲਾ ਬਣਾਉਣ ਲਈ ਡੰਡ-ਬੈਠਕਾਂ ਮਾਰਦੇ, ਮੂੰਗਲੀਆਂ ਤੇ ਮੁਗਦਰ ਫੇਰਦੇ ਜਾਂ ਫਿਰ ਡੌਲਿਆਂ ਤੇ ਪੱਟਾਂ ਨੂੰ ਮਜ਼ਬੂਤ ਬਣਾਉਣ ਲਈ ਹਲਟ ਜਾਂ ਹਲਟੀ ਗੇੜਦੇ ਆਮ ਹੀ ਵੇਖਣ ਨੂੰ ਮਿਲ ਜਾਂਦੇ ਸਨ।

ਉਸ ਸਮੇਂ ਕੁਸ਼ਤੀ ਦੇ ਸਟੇਡੀਅਮ ਨਹੀਂ ਸਨ ਹੋਇਆ ਕਰਦੇ ਸਗੋਂ ਪੰਜਾਬ ਭਰ ਦੇ ਇਨ੍ਹਾਂ ਮਿੱਟੀ ਦੇ ਅਖਾੜਿਆਂ ਵਿਚ ਹੀ ਪਹਿਲਵਾਨ ਲਗਨ ਨਾਲ ਮਿਹਨਤ ਕਰ ਕੇ ਕੁਸ਼ਤੀ ਦੇ ਖੇਤਰ ਵਿਚ ਪੰਜਾਬ ਦਾ ਨਾਂ ਚਮਕਾਇਆ ਕਰਦੇ ਸਨ। ਭਾਰਤ ਸਮੇਤ ਦੁਨੀਆ ਵਿਚ ਦੇਸ਼ ਅਤੇ ਆਪਣਾ ਨਾਂ ਚਮਕਾਉਣ ਵਾਲੇ ਪੰਜਾਬ ਦੇ ਪੁਰਾਣੇ ਪਹਿਲਵਾਨਾਂ ਵਿਚ ਕਰੀਮ ਬਖ਼ਸ਼, ਕਾਲੂ ਬਖ਼ਸ਼, ਬੂਟਾ ਲਾਹੌਰੀ, ਰਹੀਮ ਬਖ਼ਸ਼ ਸੁਲਤਾਨੀ ਵਾਲਾ ਅਹਿਮ ਸਨ। ਇਹ ਸਾਰੇ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਨਾਲ ਸਬੰਧ ਰੱਖਦੇ ਸਨ। ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਨਾਮਵਰ ਪਹਿਲਵਾਨਾਂ ਵਿਚ ਗਾਮਾ ਪਹਿਲਵਾਨ, ਹਮੀਦਾ ਪਹਿਲਵਾਨ, ਗੰਡਾ ਸਿੰਘ ਜੌਹਲ, ਕੇਸਰ ਪਹਿਲਵਾਨ, ਦਾਰਾ ਸਿੰਘ ਦੁਲਚੀਪੁਰੀਆ, ਦਾਰਾ ਸਿੰਘ ਧਰਮੂਚੱਕ, ਬੰਤਾ ਵਲਟੋਹੀਆ, ਦੇਸਨ ਸ਼ੇਰੋ, ਮੇਹਰਦੀਨ ਆਦਿ ਚਰਚਿਤ ਨਾਂ ਸਨ। ਇਨ੍ਹਾਂ ਵਿੱਚੋਂ ਮੇਹਰਦੀਨ ਨੂੰ ਛੱਡ ਕੇ ਬਾਕੀ ਸਾਰੇ ਪਹਿਲਵਾਨ ਅੰਮ੍ਰਿਤਸਰ ਜ਼ਿਲ੍ਹੇ ਦੀ ਵਸਨੀਕ ਸਨ।

ਕੁਸ਼ਤੀ ਦੇ ਵਿਕਾਸ 'ਚ ਰਿਆਸਤਾਂ ਦਾ ਯੋਗਦਾਨ

ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਪਹਿਲਵਾਨਾਂ ਤੋਂ ਇਲਾਵਾ ਲਾਹੌਰ, ਗੁੱਜਰਾਂਵਾਲਾ ਅਤੇ ਅੰਮ੍ਰਿਤਸਰ ਜ਼ਿਲ੍ਹੇ ਨੇ ਉਸ ਸਮੇਂ ਬਹੁਤ ਹੀ ਉੱਚ ਕੋਟੀ ਦੇ ਪਹਿਲਵਾਨ ਪੈਦਾ ਕੀਤੇ, ਜਿਨ੍ਹਾਂ ਦਾ ਭਾਰਤ ਵਿਚ ਬੜਾ ਨਾਂ ਰਿਹਾ ਹੈ। ਇਨ੍ਹਾਂ ਪਹਿਲਵਾਨਾਂ ਦੀਆਂ ਕੁਸ਼ਤੀਆਂ ਉਸ ਸਮੇਂ ਦੀਆਂ ਰਿਆਸਤਾਂ ਦੇ ਰਾਜੇ-ਮਹਾਰਾਜੇ ਕਰਵਾਇਆ ਕਰਦੇ ਸਨ। ਰਿਆਸਤ ਕੋਹਲਾਪੁਰ, ਇੰਦੌਰ, ਪਟਿਆਲਾ ਦਾ ਸ਼ਾਸ਼ਕ ਕੁਸ਼ਤੀਆਂ ਦੇ ਬੇਹੱਦ ਸ਼ੌਕੀਨ ਸਨ ਅਤੇ ਸਮੇਂ-ਸਮੇਂ ਕੁਸ਼ਤੀਆਂ ਦੇ ਵੱਡੇ ਮੁਕਾਬਲੇ ਕਰਵਾਉਂਦੇ ਤੇ ਪਹਿਲਵਾਨਾਂ ਨੂੰ ਚੰਗੇ ਇਨਾਮ ਦੇ ਕੇ ਸਨਮਾਨਤ ਕਰਦੇ ਸਨ।

ਗਾਮੇ ਪਹਿਲਵਾਨ ਦੀ ਜੇਤੂ ਲੈਅ

ਉਸ ਸਮੇਂ ਦੇ ਨਾਮਵਰ ਪਹਿਲਵਾਨਾਂ ਵਿੱਚੋਂ ਗਾਮਾ ਪਹਿਲਵਾਨ ਦਾ ਨਾਂ ਅੱਜ ਵੀ ਬੜੇ ਅਦਬ ਨਾਲ ਲਿਆ ਜਾਂਦਾ ਹੈ। ਇਹ ਨਾਂ ਇਕ ਮੁਹਾਵਰਾ ਬਣ ਚੁੱਕਾ ਹੈ, ਅੱਜ ਵੀ ਜਦੋਂ ਕੋਈ ਕਿਸੇ ਨਾਲ ਖਹਿਬੜਦਾ ਹੈ ਤਾਂ ਇਹ ਜ਼ਰੂਰ ਸੁਣਨ ਨੂੰ ਮਿਲਦਾ ਹੈ, ''ਜਾ ਵੱਡਾ ਆਇਆ ਗਾਮਾ ਪਹਿਲਵਾਨ!'' ਇਤਿਹਾਸ ਦੱਸਦਾ ਹੈ ਕਿ ਗਾਮਾ ਪਹਿਲਵਾਨ ਦੇ ਵੱਡੇ-ਵਡੇਰੇ ਕਸ਼ਮੀਰ ਦੇ ਰਹਿਣ ਵਾਲੇ ਸਨ। ਸੰਨ 1878 ਵਿਚ ਜਦ ਕਸ਼ਮੀਰ ਦੇ ਰਾਜੇ ਗੁਲਾਬ ਸਿੰਘ ਨੇ ਮੁਸਲਮਾਨਾਂ ਉੱਪਰ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਬਹੁਤ ਸਾਰੇ ਮੁਸਲਮਾਨ ਪਰਿਵਾਰ ਕਸ਼ਮੀਰ ਛੱਡ ਕੇ ਅੰਮ੍ਰਿਤਸਰ ਅਤੇ ਪੰਜਾਬ ਦੀਆਂ ਵੱਖ-ਵੱਖ ਰਿਆਸਤਾਂ ਵਿਚ ਆਣ ਵੱਸੇ। ਗਾਮਾ ਪਹਿਲਵਾਨ ਦਾ ਪਰਿਵਾਰ ਅੰਮ੍ਰਿਤਸਰ ਵਿਖੇ ਟਿਕ ਗਿਆ। ਗਾਮੇ ਦਾ ਪਿਤਾ ਆਪ ਵੀ ਚੰਗਾ ਪਹਿਲਵਾਨ ਸੀ ਅਤੇ ਗਾਮੇ ਨੇ ਪਿਤਾ ਦੀ ਅਗਵਾਈ ਵਿਚ ਅੰਮ੍ਰਿਤਸਰ ਦੇ ਅਖਾੜੇ ਵਿਚ ਜ਼ੋਰ ਕਰਨਾ ਸ਼ੁਰੂ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਗਾਮੇ ਨੇ ਨੌਂ ਸਾਲ ਦੀ ਉਮਰ ਵਿਚ ਹੀ ਉਸ ਸਮੇਂ ਦੇ ਚੰਗੇ-ਚੰਗੇ ਪਹਿਲਵਾਨਾਂ ਨੂੰ ਚਿੱਤ ਕਰ ਦਿੱਤਾ ਸੀ। ਗਾਮੇ ਪਹਿਲਵਾਨ ਤੋਂ ਪਹਿਲਾਂ ਲਾਹੌਰ ਦੇ ਰਹੀਮ ਬਖ਼ਸ਼ ਸੁਲਤਾਨੀ ਵਾਲਾ ਦਾ ਭਾਰਤ ਵਿਚ ਕੋਈ ਮੁਕਾਬਲਾ ਨਹੀਂ ਸੀ। ਗਾਮੇ ਪਹਿਲਵਾਨ ਦੀਆਂ ਰਹੀਮ ਬਖ਼ਸ਼ ਸੁਲਤਾਨੀ ਵਾਲਾ ਨਾਲ ਚਾਰ ਕੁਸ਼ਤੀਆਂ ਹੋਈਆਂ, ਜਿਨ੍ਹਾਂ ਵਿਚ ਤਿੰਨ ਬਰਾਬਰ ਰਹੀਆਂ ਅਤੇ ਚੌਥੀ ਵਿਚ ਗਾਮੇ ਨੇ ਰਹੀਮ ਬਖ਼ਸ਼ ਨੂੰ ਚਿੱਤ ਕਰ ਦਿੱਤਾ

ਗਾਮੇ ਦੀ ਜਿੱਤ ਦੀ ਖ਼ਬਰ ਭਾਰਤ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਰਹੀਮ ਬਖ਼ਸ਼, ਜੋ ਅੱਜ ਤਕ ਭਾਰਤ ਦੇ ਕਿਸੇ ਵੀ ਪਹਿਲਵਾਨ ਕੋਲੋਂ ਹਾਰਿਆ ਨਹੀਂ, ਉਸ ਨੂੰ ਗਾਮੇ ਨੇ ਚਿੱਤ ਕਰ ਦਿੱਤਾ ਹੈ। ਫਿਰ ਕੀ ਸੀ, ਭਾਰਤ ਵਿਚ ਗਾਮੇ ਨੇ ਕਿਸੇ ਵੀ ਪਹਿਲਵਾਨ ਦੇ ਪੈਰ ਨਹੀਂ ਲੱਗਣ ਦਿੱਤੇ ਅਤੇ ਜਿੱਤਾ ਪ੍ਰਾਪਤ ਕਰਦਾ ਚਲਾ ਗਿਆ। ਸੰਨ 1910 ਵਿਚ ਬਰਤਾਨੀਆ ਵਿਚ ਵਰਲਡ ਬੁੱਲ ਬੈਲਟ ਮੁਕਾਬਲੇ ਕਰਵਾਏ ਗਏ, ਜਿਸ ਵਿਚ ਦੁਨੀਆ ਦੇ ਚੋਟੀ ਦੇ ਪਹਿਲਵਾਨਾਂ ਨੇ ਹਿੱਸਾ ਲਿਆ। ਉਨ੍ਹਾਂ ਮੁਕਾਬਲਿਆਂ ਵਿਚ ਗਾਮੇ ਦਾ ਮੁਕਾਬਲਾ ਪੋਲੈਂਡ ਦੇ ਪਹਿਲਵਾਨ ਤੇ ਵਿਸ਼ਵ ਚੈਂਪੀਅਨ ਜ਼ਬਿਸਕੋ ਨਾਲ ਹੋਇਆ। ਇਹ ਮੁਕਾਬਲਾ ਤਕਰੀਬਨ ਤਿੰਨ ਘੰਟੇ ਚੱਲਿਆ ਅਤੇ ਖੇਡ ਦੇ ਦੂਜੇ ਰਾਉਂਡ ਵਿਚ ਜ਼ਬਿਸਕੋ ਕੁਸ਼ਤੀ ਲਈ ਅਖਾੜੇ ਵਿਚ ਨਹੀਂ ਆਇਆ ਤੇ ਨਤੀਜੇ ਵਜੋਂ ਗਾਮਾ ਪਹਿਲਵਾਨ ਦੁਨੀਆ ਦਾ ਰੁਸਤਮ ਬਣ ਗਿਆ।

- ਪ੍ਰੋ. ਰਾਜਿੰਦਰ ਸਿੰਘ, 98770-86244

Posted By: Harjinder Sodhi