ਕੈਲੀ (ਕੋਲੰਬੀਆ), ਪੀਟੀਆਈ : ਉੱਤਰ ਪ੍ਰਦੇਸ਼ ਦੇ ਇਕ ਕਿਸਾਨ ਦੀ ਧੀ ਰੂਪਲ ਚੌਧਰੀ ਵਿਸ਼ਵ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਵਿਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ। ਰੂਪਲ ਨੇ ਮਹਿਲਾਵਾਂ ਦੀ 400 ਮੀਟਰ ਦੌੜ ਵਿਚ ਕਾਂਸੇ ਦਾ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਚਾਰ ਗੁਣਾ 400 ਮੀਟਰ ਰਿਲੇਅ ਵਿਚ ਸਿਲਵਰ ਮੈਡਲ ਹਾਸਲ ਕੀਤਾ ਸੀ। ਰੂਪਲ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਸ਼ਾਹਪੁਰ ਜੈਨਪੁਰ ਪਿੰਡ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਪਿਤਾ ਕਿਸਾਨ ਹਨ। ਇਹ 17 ਸਾਲਾ ਅਥਲੀਟ ਬਿਹਤਰੀਨ ਲੈਅ ਵਿਚ ਹੈ। ਉਨ੍ਹਾਂ ਨੇ ਤਿੰਨ ਦਿਨ ਦੇ ਅੰਦਰ 400 ਮੀਟਰ ਦੀਆਂ ਚਾਰ ਦੌੜਾਂ ਵਿਚ ਹਿੱਸਾ ਲਿਆ।

ਵੀਰਵਾਰ ਦੀ ਰਾਤ ਮਹਿਲਾਵਾਂ ਦੀ 400 ਮੀਟਰ ਦੌੜ ਵਿਚ ਰੂਪਲ ਨੇ 51.85 ਸਕਿੰਟ ਦੇ ਸਮੇਂ ਨਾਲ ਗ੍ਰੇਟ ਬਿ੍ਰਟੇਨ ਦੀ ਯਮੀ ਮੈਰੀ ਜਾਨ (51.50) ਤੇ ਕੀਨੀਆ ਦੀ ਦਮਾਰਿਸ ਮੁਟੁੰਗਾ (51.71) ਤੋਂ ਬਾਅਦ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਉਹ ਉਸ ਰਿਲੇਅ ਟੀਮ ਦਾ ਹਿੱਸਾ ਸੀ ਜਿਸ ਨੇ ਮੰਗਲਵਾਰ ਨੂੰ ਚਾਰ ਗੁਣਾ 400 ਮੀਟਰ ਦੌੜ ਵਿਚ ਸਿਲਵਰ ਮੈਡਲ ਜਿੱਤਿਆ ਸੀ। ਭਾਰਤੀ ਟੀਮ ਨੇ ਤਿੰਨ ਮਿੰਟ 17.76 ਸਕਿੰਟ ਦਾ ਸਮਾਂ ਲੈ ਕੇ ਏਸ਼ਿਆਾਈ ਜੂਨੀਅਰ ਰਿਕਾਰਡ ਬਣਾਇਆ ਸੀ। ਰੂਪਲ ਨੇ ਉਸੇ ਦਿਨ ਨਿੱਜੀ 400 ਮੀਟਰ ਦੌੜ ਦੇ ਪਹਿਲੇ ਗੇੜ ਵਿਚ ਹਿੱਸਾ ਲਿਆ ਸੀ ਤੇ ਉਸ ਤੋਂ ਬਾਅਦ ਬੁੱਧਵਾਰ ਨੂੰ ਉਹ ਸੈਮੀਫਾਈਨਲ ਤੇ ਵੀਰਵਾਰ ਨੂੰ ਫਾਈਨਲ ਵਿਚ ਉਤਰੀ ਸੀ। ਉਨ੍ਹਾਂ ਨੇ ਚੈਂਪੀਅਨਸ਼ਿਪ ਵਿਚ ਦੋ ਵਾਰ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ। ਪਹਿਲੀ ਵਾਰ ਸੈਮੀਫਾਈਲਨ ਵਿਚ ਉਨ੍ਹਾਂ ਨੇ 52.27 ਸਕਿੰਟ ਦਾ ਸਮਾਂ ਕੱਢਿਆ ਤੇ ਫਿਰ ਫਾਈਨਲ ਵਿਚ ਇਸ ਸਮੇਂ ਵਿਚ ਸੁਧਾਰ ਕੀਤਾ। ਇਸ ਸਾਲ ਦੇ ਸ਼ੁਰੂ ਵਿਚ ਰੂਪਲ ਨੇ ਖ਼ਿਤਾਬ ਦੀ ਮੁੱਖ ਦਾਅਵੇਦਾਰ ਕਰਨਾਟਕ ਦੀ ਪਿ੍ਰਆ ਮੋਹਨ ਨੂੰ ਪਿੱਛੇ ਛੱਡ ਕੇ ਰਾਸ਼ਟਰੀ ਅੰਡਰ-20 ਫੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੀ 400 ਮੀਟਰ ਦੌੜ ਵਿਚ ਗੋਲਡ ਮੈਡਲ ਜਿੱਤਿਆ ਸੀ।

ਰੂਪਲ ਵਿਸ਼ਵ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੀ 400 ਮੀਟਰ ਦੌੜ ਵਿਚ ਮੈਡਲ ਜਿੱਤਣ ਵਾਲੀ ਦੂਜੀ ਭਾਰਤੀ ਹੈ। ਇਸ ਤੋਂ ਪਹਿਲਾਂ 2018 ਵਿਚ ਹਿਮਾ ਦਾਸ ਨੇ 51.46 ਸਕਿੰਟ ਦਾ ਸਮਾਂ ਲੈ ਕੇ ਗੋਲਡ ਮੈਡਲ ਜਿੱਤਿਆ ਸੀ। ਓਲੰਪਿਕ ਚੈਂਪੀਅਨ ਨੇਜ਼ਾ ਸੁੱਟ ਖਿਡਾਰੀ ਨੀਰਜ ਚੋਪੜਾ ਇਸ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਸਨ। ਉਨ੍ਹਾਂ ਨੇ 2016 ਵਿਚ ਪੋਲੈਂਡ ਵਿਚ ਖੇਡੀ ਗਈ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਜਿੱਤਿਆ ਸੀ। ਰੂਪਲ ਦਾ ਕਾਂਸੇ ਦਾ ਮੈਡਲ ਭਾਰਤ ਦਾ ਚੈਂਪੀਅਨਸ਼ਿਪ ਵਿਚ ਕੁੱਲ ਨੌਵਾਂ ਮੈਡਲ ਹੈ। ਇਸ ਚੈਂਪੀਅਨਸ਼ਿਪ ਨੂੰ ਪਹਿਲਾਂ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਭਾਰਤ ਨੇ ਪਿਛਲੀ ਵਾਰ ਕੀਨੀਆ ਦੇ ਨੈਰੋਬੀ ਵਿਚ ਖੇਡੀ ਗਈ ਚੈਂਪੀਅਨਸ਼ਿਪ ਵਿਚ ਦੋ ਸਿਲਵਰ ਤੇ ਇਕ ਕਾਂਸੇ ਦਾ ਮੈਡਲ ਜਿੱਤਿਆ ਸੀ।

Posted By: Gurinder Singh