ਮਾਨਸਾ (ਜੇਐੱਨਐੱਨ) : ਕਿਸ਼ਤੀ ਮੁਕਾਬਲਿਆਂ 'ਚ ਭਾਰਤੀ ਟੀਮ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਮਾਨਸਾ ਦੇ ਦੋ ਖਿਡਾਰੀਆਂ ਨੇ ਵਿਦੇਸ਼ ਵਿਚ ਵੀ ਨਾਂ ਕਮਾਇਆ ਹੈ। ਜ਼ਿਲ੍ਹਾ ਨਿਵਾਸੀ ਸਵਰਣ ਸਿੰਘ ਵਿਰਕ ਤੇ ਸੁਖਮੀਤ ਸਮਾਗ ਨੇ ਕਿਸ਼ਤੀ ਮੁਕਾਬਲਿਆਂ ਵਿਚ ਕੁੱਲ ਛੇ ਮੈਡਲ ਹਾਸਲ ਕਰ ਕੇ ਇਤਿਹਾਸ ਰਚ ਦਿੱਤਾ ਹੈ। ਇਨ੍ਹਾਂ ਨੇ 19ਵੀਂ ਏਸ਼ਿਆਈ ਰੋਇੰਗ ਚੈਂਪੀਅਨਸ਼ਿਪ ਜੋ ਕਿ 23 ਤੋਂ 27 ਅਕਤੂਬਰ ਤਕ ਦੱਖਣੀ ਕੋਰੀਆ ਵਿਚ ਕਰਵਾਈ ਗਈ ਵਿਚ ਇਕ ਗੋਲਡ, ਦੋ ਸਿਲਵਰ ਤੇ ਤਿੰਨ ਕਾਂਸੇ ਦੇ ਮੈਡਲ ਹਾਸਲ ਕੀਤੇ ਹਨ। ਇਨ੍ਹਾਂ ਮੈਡਲਾਂ ਵਿਚ ਇਕ ਗੋਲਡ ਮਰਦਾਂ ਦੇ ਲਾਈਟ ਵੇਟ ਫੋਰ ਸਕਲ ਵਿਚ, ਇਕ ਸਿਲਵਰ ਮੈਡਲ ਲਾਈਟ ਵੇਟ ਡਬਲ ਸਕਲ ਵਿਚ ਤੇ ਦੂਜਾ ਸਿਲਵਰ ਕੁਆਰਟਰ ਪੂਲ ਫੋਰ ਸਕਲ ਵਿਚ ਹਾਸਲ ਕੀਤਾ ਹੈ। ਜਦਕਿ ਤਿੰਨ ਕਾਂਸੇ ਦੇ ਮੈਡਲ ਉਨ੍ਹਾਂ ਦੀ ਟੀਮ ਨੇ ਹੈਵੀ ਵੇਟ ਡਬਲ ਸਕਲ ਵਿਚ, ਅੱਠ ਮੈਂਬਰਾਂ ਦੀ ਟੀਮ 'ਚ ਤੇ ਪੈਰਾ ਰੋਇੰਗ ਵਿਚ ਹਾਸਲ ਕੀਤੇ ਹਨ। ਜ਼ਿਕਰਯੋਗ ਹੈ ਕਿ ਇਹ ਦੋਵੇਂ ਨੌਜਵਾਨ ਖਿਡਾਰੀ ਜ਼ਿਲ੍ਹਾ ਮਾਨਸਾ ਨਾਲ ਸਬੰਧਤ ਹਨ ਤੇ ਇਸ ਤੋਂ ਪਹਿਲਾਂ ਸਵਰਣ ਸਿੰਘ ਵਿਰਕ ਨੇ ਓਲੰਪਿਕ ਵਿਚ ਵੀ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਹੁਣ ਦੋਵੇਂ ਖਿਡਾਰੀ ਸਵਰਣ ਸਿੰਘ ਵਿਰਕ ਤੇ ਸੁਖਮੀਤ ਸਮਾਗ ਦੀ ਜੋੜੀ ਹੈ ਤੇ ਦੋਵੇਂ ਖਿਡਾਰੀ ਮਿਲ ਕੇ ਕਿਸ਼ਤੀ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹਨ।