ਅਰਸ਼ਦੀਪ ਸਿੰਘ, ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਕੌਮੀ ਪੱਧਰ ਦੀਆਂ ਤਿੰਨ ਦਿਨ ਚੱਲਣ ਵਾਲੀਆਂ ਕਿਸ਼ਤੀ ਦੌੜਾਂ ਪਵਿੱਤਰ ਕਾਲੀ ਵੇਈਂ 'ਚ ਸ਼ੁਰੂ ਹੋ ਗਈਆਂ। ਤਿੰਨ ਦਿਨ ਤਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿਚ 10 ਸੂਬਿਆਂ ਦੀਆਂ ਟੀਮਾ ਹਿੱਸਾ ਲੈ ਰਹੀਆਂ ਹਨ ਜਿਸ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਮਹਾਰਾਸ਼ਟਰਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਮਨੀਪੁਰ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੀਆਂ ਟੀਮਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਕਿਸ਼ਤੀ ਦੌੜਾਂ ਦਾ ਉਦਘਾਟਨ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸੰਤ ਦਇਆ ਸਿੰਘ ਨੇ ਸਾਂਝੇ ਤੌਰ 'ਤੇ ਕੀਤਾ।

ਇਨ੍ਹਾਂ ਕਿਸ਼ਤੀ ਦੌੜਾਂ ਵਿਚ ਡਰੈਗਨ ਬੋਟ, ਕੈਨੋ ਪੋਲੋ, ਕਿਯਾਕਿੰਗ ਅਤੇ ਕਨੋਇੰਗ ਦੇ ਮੁਕਾਬਲੇ ਹੋਣਗੇ। ਕਿਸ਼ਤੀ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਵੱਖ-ਵੱਖ ਸੂਬਿਆਂ ਤੋਂ 400 ਦੇ ਕਰੀਬ ਖਿਡਾਰੀ ਅਤੇ ਉਨ੍ਹਾਂ ਦੇ ਕੋਚ ਆਏ ਹੋਏ ਹਨ। ਪੰਜਾਬ ਵਿਚ ਕਿਸ਼ਤੀਆਂ ਦੀਆਂ ਦੌੜਾਂ ਸਿਰਫ ਪਵਿੱਤਰ ਕਾਲੀ ਵੇਈਂ ਵਿਚ ਹੀ ਹੁੰਦੀਆਂ ਆ ਰਹੀਆਂ ਹਨ। ਇਨ੍ਹਾਂ ਕਿਸ਼ਤੀ ਮੁਕਾਬਲਿਆਂ ਦੀ ਮੇਜ਼ਬਾਨੀ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਵਲੋਂ ਕੀਤੀ ਜਾ ਰਹੀ ਹੈ।

ਇਸ ਸੈਂਟਰ ਦੇ ਕੋਚ ਅਮਨਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਇਹ ਮੁਕਾਬਲੇ ਪਹਿਲਾਂ ਕੇਰਲ ਅਤੇ ਭੋਪਾਲ ਵਿਚ ਜ਼ਿਆਦਾਤਰ ਕਰਵਾਏ ਜਾਂਦੇ ਸੀ ਪਰ ਸੰਤ ਸੀਚੇਵਾਲ ਵਾਟਰ ਸੈਂਟਰ ਬਣਨ ਨਾਲ ਹੁਣ ਇਹ ਮੁਕਾਬਲੇ ਪੰਜਾਬ ਦੀ ਧਰਤੀ 'ਤੇ ਵੀ ਕਰਵਾਏ ਜਾਣ ਲੱਗ ਗਏ ਹਨ। ਇਹ ਦੂਸਰੀ ਵਾਰ ਨੈਸ਼ਨਲ ਕੱਪ ਪਵਿੱਤਰ ਕਾਲੀ ਵੇਈਂ ਕਿਨਾਰੇ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਸਾਲ 2017 ਵਿਚ ਕਿਯਾਕਿੰਗ ਅਤੇ ਕਨੋਇੰਗ ਦੀ ਚੈਂਪੀਅਨਸ਼ਿਪ ਪਵਿੱਤਰ ਕਾਲੀ ਵੇਈਂ ਕਿਨਾਰੇ ਕਰਵਾਈ ਗਈ ਸੀ।

ਇਸ ਮੌਕੇ ਸੰਤ ਸੀਚੇਵਾਲ ਨੇ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਮੌਕੇ ਆਏ ਖਿਡਾਰੀਆਂ ਨੂੰ ਜੀ ਆਇਆਂ ਕਹਿੰਦੇ ਹੋਏ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਦੱਸਿਆ। ਇਸ ਮੌਕੇ ਸੰਤ ਦਇਆ ਸਿੰਘ, ਸੰਤ ਸੁਖਜੀਤ ਸਿੰਘ, ਬਲਬੀਰ ਸਿੰਘ ਬਲਿੰਗ, ਯੱਗਦੱਤ, ਸੁਰਜੀਤ ਸਿੰਘ ਸ਼ੰਟੀ, ਸੈਕਟਰੀ ਪ੍ਰਭਜੀਤ ਸਿੰਘ, ਡਾ. ਰਾਕੇਸ਼ ਮਲਿਕ, ਪ੍ਰਰੋਫੈਸਰ ਅਮਨਦੀਪ ਸਿੰਘ, ਮਨਜੀਤ ਸਿੰਘ ਇੰਚਾਰਜ ਵਾਟਰ ਸਪੋਰਟਸ ਦੀਪਕ ਕੁਮਾਰ ਆਦਿ ਹਾਜ਼ਰ ਸਨ।

ਕੈਪਸ਼ਨ-22ਕੇਪੀਟੀ39ਪੀ, ਕਿਸ਼ਤੀ ਦੌੜਾਂ ਵਿਚ ਹਿੱਸਾ ਲੈਂਦੇ ਹੋਏ ਵਿਦਿਆਰਥੀ।