ਬਾਰਸੀਲੋਨਾ (ਏਪੀ) : ਫੁੱਟਬਾਲ ਦੇ ਦੋ ਸਭ ਤੋਂ ਵੱਡੇ ਦਿੱਗਜ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਤੇ ਲਿਓਨ ਮੈਸੀ ਦੇ ਮੁਕਾਬਲੇ ਵਿਚ ਰੋਨਾਲਡੋ ਦਾ ਪਲੜਾ ਭਾਰੀ ਰਿਹਾ ਤੇ ਉਨ੍ਹਾਂ ਦੇ ਦੋ ਗੋਲਾਂ ਦੀ ਮਦਦ ਨਾਲ ਇਟਲੀ ਦੇ ਕਲੱਬ ਜੁਵੈਂਟਸ ਨੇ ਯੂਏਫਾ ਚੈਂਪੀਅਨਜ਼ ਲੀਗ ਵਿਚ ਸਪੈਨਿਸ਼ ਕਲੱਬ ਬਾਰਸੀਲੋਨਾ ਨੂੰ 3-0 ਨਾਲ ਮਾਤ ਦਿੱਤੀ। ਰੋਨਾਲਡੋ ਦੀ ਟੀਮ ਨੇ ਮੈਸੀ ਦੀ ਟੀਮ ਨੂੰ ਉਨ੍ਹਾਂ ਦੇ ਘਰ ਕੈਂਪ ਨਾਊ ਵਿਚ ਮਾਤ ਦੇ ਕੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ। ਇਸ ਜਿੱਤ ਨਾਲ ਹੀ ਜੁਵੈਂਟਸ ਨੇ ਬਾਰਸੀਲੋਨਾ ਤੋਂ ਇਸ ਸਾਲ ਮਿਲੀ ਪਿਛਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਲੀਗ ਦੇ ਪਿਛਲੇ ਮੈਚ ਵਿਚ ਬਾਰਸੀਲੋਨਾ ਨੇ ਜੁਵੈਂਟਸ ਨੂੰ 2-0 ਨਾਲ ਮਾਤ ਦਿੱਤੀ ਸੀ। ਇਸ ਮੈਚ ਵਿਚ ਮੈਸੀ ਨੇ ਪੈਨਲਟੀ ਨਾਲ ਇਕ ਗੋਲ ਕੀਤਾ ਸੀ ਹਾਲਾਂਕਿ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਰੋਨਾਲਡੋ ਇਹ ਮੈਚ ਨਹੀਂ ਖੇਡ ਸਕੇ ਸਨ। ਰੋਨਾਲਡੋ ਨੇ ਦੋ ਗੋਲ (13ਵੇਂ ਤੇ 52ਵੇਂ ਮਿੰਟ) ਪੈਨਲਟੀ 'ਤੇ ਕੀਤੇ ਜਦਕਿ ਮੈਸੀ ਆਪਣੀ ਟੀਮ ਲਈ ਇਕ ਵੀ ਗੋਲ ਨਹੀਂ ਕਰ ਸਕੇ। ਮੈਸੀ ਨੇ 11 ਵਿਚੋਂ ਸੱਤ ਸ਼ਾਟ ਹੀ ਟਾਰਗੈਟ 'ਤੇ ਲਾਏ ਪਰ ਉਹ ਇਕ ਵਾਰ ਵੀ ਜੁਵੈਂਟਸ ਦੇ ਗੋਲਕੀਪਰ ਨੂੰ ਭੁਲੇਖਾ ਨਾ ਪਾ ਸਕੇ। ਜੁਵੈਂਟਸ ਲਈ ਤੀਜਾ ਗੋਲ ਵੈਸਟਨ ਮੈਕੇਨੀ (20ਵੇਂ ਮਿੰਟ) ਨੇ ਕੀਤਾ। ਕੋਰੋਨਾ ਮਹਾਮਾਰੀ ਕਾਰਨ ਇਹ ਮੈਚ ਬਿਨਾਂ ਦਰਸ਼ਕਾਂ ਦੇ ਖੇਡਿਆ ਗਿਆ। ਰੋਨਾਲਡੋ ਤੇ ਮੈਸੀ ਦਾ ਆਖ਼ਰੀ ਵਾਰ ਸਾਹਮਣਾ 2018 ਵਿਚ ਹੋਇਆ ਸੀ ਜਦ ਰੋਨਾਲਡੋ ਰੀਅਲ ਮੈਡਿ੍ਡ ਲਈ ਖੇਡਦੇ ਸਨ। ਦੋਵੇਂ ਟੀਮਾਂ ਪਹਿਲਾਂ ਹੀ ਆਖ਼ਰੀ-16 ਵਿਚ ਪੁੱਜ ਚੁੱਕੀਆਂ ਹਨ। ਦੋਵਾਂ ਦੇ 15 ਅੰਕ ਹਨ ਪਰ ਬਿਹਤਰ ਗੋਲ ਅੌਸਤ ਦੇ ਆਧਾਰ 'ਤੇ ਜੁਵੈਂਟਸ ਗਰੁੱਪ-ਜੀ ਵਿਚ ਚੋਟੀ 'ਤੇ ਹੈ। ਇਸ ਤੋਂ ਇਲਾਵਾ ਆਰਬੀ ਲਿਪਜਿਗ ਨੇ ਗਰੁੱਪ ਐੱਚ ਵਿਚ ਇੰਗਲਿਸ਼ ਕਲੱਬ ਮਾਨਚੈਸਟਰ ਯੂਨਾਈਟਿਡ ਨੂੰ 3-2 ਨਾਲ ਹਰਾ ਕੇ ਆਖ਼ਰੀ -16 ਵਿਚ ਥਾਂ ਬਣਾਈ ਜਦਕਿ ਯੂਨਾਈਟਿਡ ਦੀ ਟੀਮ ਗਰੁੱਪ ਗੇੜ 'ਚੋਂ ਬਾਹਰ ਹੋ ਗਈ।