ਮਿਲਾਨ (ਏਐੱਫਪੀ) : ਇਟਾਲੀਅਨ ਫੁੱਟਬਾਲ ਲੀਗ ਸੀਰੀ-ਏ ਵਿਚ ਜੁਵੈਂਟਸ ਨੇ ਬੋਲੋਗਨਾ ਨੂੰ 2-1 ਨਾਲ ਹਰਾ ਕੇ ਅੰਕ ਸੂਚੀ ਵਿਚ ਆਪਣੇ ਚੋਟੀ ਦੇ ਸਥਾਨ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਜੁਵੈਂਟਸ ਵੱਲੋਂ ਕ੍ਰਿਸਟੀਆਨੋ ਰੋਨਾਲਡੋ ਤੇ ਮਿਰਾਲੇਮ ਪਜਾਨਿਕ ਨੇ ਸਕੋਰ ਕੀਤੇ। ਮੁਕਾਬਲੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਰੋਨਾਲਡੋ ਨੂੰ ਆਪਣੇ ਕਰੀਅਰ ਵਿਚ 700 ਗੋਲ ਕਰਨ ਕਾਰਨ ਖ਼ਾਸ ਜਰਸੀ ਭੇਟ ਕੀਤੀ ਗਈ। ਇਸ ਤੋਂ ਬਾਅਦ ਖੇਡ ਦੇ 19ਵੇਂ ਮਿੰਟ ਵਿਚ 34 ਸਾਲਾ ਪੁਰਤਗਾਲੀ ਸਟਾਰ ਨੇ ਆਪਣੇ ਕਰੀਅਰ ਦਾ ਕੁੱਲ 701ਵਾਂ ਗੋਲ ਕਰਦੇ ਹੋਏ ਜੁਵੈਂਟਸ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਹਾਲਾਂਕਿ ਬ੍ਰਾਜ਼ੀਲੀਅਨ ਡਿਫੈਂਡਰ ਡੇਨਿਲੋ ਨੇ 26ਵੇਂ ਮਿੰਟ ਵਿਚ ਗੋਲ ਕਰ ਕੇ ਬੋਲੋੋਗਨਾ ਨੂੰ ਬਰਾਬਰੀ ਦਿਵਾ ਦਿੱਤੀ। ਅੱਧੇ ਸਮੇਂ ਤਕ ਸਕੋਰ ਬਰਾਬਰ ਰਿਹਾ ਪਰ ਦੂਜੇ ਅੱਧ ਦੇ ਅੱਠਵੇਂ ਮਿੰਟ ਵਿਚ ਡੇਨਿਲੋ ਦੀ ਗ਼ਲਤੀ ਦਾ ਫ਼ਾਇਦਾ ਉਠਾ ਕੇ ਪਜਾਨਿਕ ਨੇ ਜੁਵੈਂਟਸ ਨੂੰ ਇਕ ਵਾਰ ਮੁੜ ਇਕ ਗੋਲ ਨਾਲ ਅੱਗੇ ਕਰ ਦਿੱਤਾ ਜੋ ਅੰਤ ਵਿਚ ਫ਼ੈਸਲਾਕੁਨ ਸਾਬਤ ਹੋਇਆ।

ਰੀਅਲ ਦੀ ਹਾਰ ਨਾਲ ਚੋਟੀ 'ਤੇ ਪੁੱਜਾ ਬਾਰਸੀਲੋਨਾ

ਮੈਡਰਿਡ (ਏਐੱਫਪੀ) : ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਰੀਅਲ ਮੈਡਰਿਡ ਨੂੰ ਮਾਲੋਰਕਾ ਖ਼ਿਲਾਫ਼ 0-1 ਨਾਲ ਮਾਤ ਸਹਿਣੀ ਪਈ। ਮੌਜੂਦਾ ਲਾ ਲੀਗਾ ਸੈਸ਼ਨ ਵਿਚ ਇਹ ਰੀਅਲ ਦੀ ਪਹਿਲੀ ਹਾਰ ਹੈ ਜਿਸ ਨਾਲ ਇਕ ਵਾਰ ਮੁੜ ਜਿਨੇਦਿਨ ਜਿਦਾਨ ਦੇ ਕਲੱਬ ਦੀਆਂ ਪਰੇਸ਼ਾਨੀਆਂ ਵਧ ਗਈਆਂ ਹਨ। ਰੀਅਲ ਦੀ ਇਸ ਹਾਰ ਨਾਲ ਬਾਰਸੀਲੋਨਾ ਨੂੰ ਫ਼ਾਇਦਾ ਪੁੱਜਾ ਹੈ ਤੇ ਉਹ ਅੰਕ ਸੂਚੀ ਵਿਚ ਚੋਟੀ 'ਤੇ ਪੁੱਜ ਗਿਆ ਹੈ। ਬਾਰਸੀਲੋਨਾ ਨੇ ਸ਼ਨਿਚਰਵਾਰ ਨੂੰ ਇਕ ਹੋਰ ਮੁਕਾਬਲੇ ਵਿਚ ਈਬਰ ਨੂੰ 3-0 ਨਾਲ ਹਰਾਇਆ ਜਿੱਥੇ ਉਸ ਦੇ ਤਿੰਨੇ ਸਟਾਰ ਲਿਓਨ ਮੈਸੀ, ਲੁਇਸ ਸੁਆਰੇਜ ਤੇ ਏਂਟੋਨੀ ਗ੍ਰੀਜਮੈਨ ਨੇ ਪਹਿਲੀ ਵਾਰ ਇਕੱਠੇ ਸਕੋਰ ਕੀਤੇ।

ਨੇਮਾਰ ਦੀ ਵਾਪਸੀ ਨਹੀਂ ਚਾਹੁੰਦੇ ਕੁਝ ਲੋਕ : ਮੈਸੀ

ਬਾਰਸੀਲੋਨਾ (ਏਐੱਫਪੀ) : ਸਪੈਨਿਸ਼ ਕਲੱਬ ਬਾਰਸੀਲੋਨਾ ਦੇ ਸਟ੍ਰਾਈਕਰ ਲਿਓਨ ਮੈਸੀ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਕਲੱਬ ਦੇ ਕੁਝ ਲੋਕ ਨੇਮਾਰ ਦੀ ਬਾਰਸੀਲੋਨਾ ਵਿਚ ਵਾਪਸੀ ਨਹੀਂ ਚਾਹੁੰਦੇ ਹਨ। ਪਿਛਲੇ ਟਰਾਂਸਫਰ ਵਿੰਡੋ ਵਿਚ ਨੇਮਾਰ ਦੇ ਉਨ੍ਹਾਂ ਦੇ ਮੌਜੂਦਾ ਫਰੈਂਚ ਕਲੱਬ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੂੰ ਛੱਡ ਕੇ ਬਾਰਸੀਲੋਨਾ ਵਿਚ ਵਾਪਿਸ ਆਉਣ ਦੀਆਂ ਖ਼ਬਰਾਂ ਚੱਲ ਰਹੀਆਂ ਸਨ ਪਰ ਦੋਵਾਂ ਕਲੱਬਾਂ ਵਿਚਾਲੇ ਕਰਾਰ 'ਤੇ ਸਹਿਮਤੀ ਨਹੀਂ ਬਣ ਸਕੀ ਸੀ। ਅਰਜਨਟੀਨਾ ਦੇ ਇਕ ਰੇਡੀਓ ਨੂੰ ਦਿੱਤੀ ਗਈ ਇੰਟਰਵਿਊ ਵਿਚ ਮੈਸੀ ਨੇ ਕਿਹਾ ਕਿ ਅਸੀਂ ਹਮੇਸ਼ਾ ਨੇਮਾਰ ਨਾਲ ਗੱਲ ਕਰਦੇ ਹਾਂ। ਨੇਮਾਰ ਦੀ ਇੱਥੇ ਵਾਪਸੀ ਮੁਸ਼ਕਲ ਹੈ ਕਿਉਂਕਿ ਕਲੱਬ ਦੇ ਕਈ ਮੈਂਬਰ ਇਹ ਨਹੀਂ ਚਾਹੁੰਦੇ।