ਬਾਰਸੀਲੋਨਾ : ਬਾਰਸੀਲੋਨਾ ਦੇ ਸੁਪਰਸਟਾਰ ਸਟਰਾਈਕਰ ਲਿਓਨ ਮੇਸੀ ਨੇ ਇਟਲੀ ਦੇ ਕਲੱਬ ਜੁਵੈਂਟਸ ਨਾਲ ਖੇਡਣ ਵਾਲੇ ਕ੍ਰਿਸ਼ਮਾਈ ਫਾਰਵਰਡ ਕ੍ਰਿਸਟਿਆਨੋ ਰੋਨਾਲਡੋ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਐਟਲੈਟਿਕੋ ਮੈਡਰਿਡ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕੀਤਾ। ਜੁਵੈਂਟਸ ਨੇ ਦੂਜੇ ਪੜਾਅ ਦੇ ਮੁਕਾਬਲੇ 'ਚ ਸਪੈਨਿਸ਼ ਕਲੱਬ ਐਟਲੈਟਿਕੋ ਨੂੰ 3-0 ਨਾਲ ਹਰਾ ਕੇ ਯੂਏਫਾ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲ 'ਚ ਥਾਂ ਬਣਾਈ ਸੀ। ਇਸ ਮੈਚ 'ਚ ਰੋਨਾਲਡੋ ਨੇ ਹੈਟਿ੍ਕ ਲਗਾਈ ਸੀ।

ਮੇਸੀ ਨੇ ਕਿਹਾ, 'ਰੋਨਾਲਡੋ ਤੇ ਜੁਵੈਂਟਸ ਨੇ ਮੰਗਲਵਾਰ ਨੂੰ ਜੋ ਕੀਤਾ, ਉਹ ਕਾਬਿਲੇ ਤਾਰੀਫ ਹੈ। ਅਸੀਂ ਸਾਰੇ ਮੈਚ ਦੇ ਨਤੀਜੇ ਤੋਂ ਹੈਰਾਨ ਰਹਿ ਗਏ। ਮੈਂ ਸੋਚਿਆ ਸੀ ਕਿ ਐਟਲੈਟਿਕੋ ਵੱਧ ਮਜ਼ਬੂਤ ਹੋਵੇਗੀ, ਪਰ ਜੁਵੈਂਟਸ ਨੇ ਉਨ੍ਹਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ ਰੋਨਾਲਡੋ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ।' ਬਾਰਸੀਲੋਨਾ ਵੀ ਲਿਓਨ ਨੂੰ 5-1 ਨਾਲ ਹਰਾ ਕੇ ਅੰਤਿਮ-8 'ਚ ਪੁੱਜ ਗਿਆ। ਮੇਸੀ ਨੇ ਅਗਲੇ ਦੌਰ ਦੇ ਮੁਕਾਬਲਿਆਂ 'ਤੇ ਕਿਹਾ, 'ਅਸੀਂ ਕਿਸੇ ਇਕ ਟੀਮ ਨੂੰ ਨਹੀਂ ਚੁਣਨਾ ਚਾਹੁੰਦੇ, ਕਿਉਂਕਿ ਸਾਰੇ ਬੇਹੱਦ ਮਜ਼ਬੂਤ ਹਨ। ਸਾਨੂੰ ਖ਼ੁਦ ਨੂੰ ਸਭ ਤੋਂ ਕੜੇ ਮੁਕਾਬਲੇ ਲਈ ਤਿਆਰ ਰੱਖਣਾ ਹੋਵੇਗਾ।' ਉਥੇ, ਲਿਓਨ ਦੇ ਮੈਨੇਜਰ ਬੁਨੋਜੇਨੇਸਿਓ ਨੇ ਵੀ ਮੇਸੀ ਦੀ ਪ੍ਰਸ਼ੰਸਾ ਕੀਤੀ। ਇਸ ਮੈਚ 'ਚ ਇਕ ਗੋਲ ਕਰਨ ਵਾਲੇ ਓਸਮਾਨੇ ਡੇਂਬੇਲੇ ਜ਼ਖ਼ਮੀ ਹੋ ਗਏ ਹਨ, ਜੋ ਇਕ ਮਹੀਨੇ ਤਕ ਨਹੀਂ ਖੇਡ ਪਾਉਣਗੇ।