ਲੰਡਨ (ਏਜੰਸੀ) : ਸਾਲ ਦੇ ਤੀਜੇ ਗ੍ਰੈਂਡਸਲੇਮ ਵਿੰਬਲਡਨ ਦੇ ਸੈਮੀਫਾਈਨਲ ਵਿਚ ਸਵਿੱਟਜ਼ਰਲੈਂਡ ਦੇ ਧੜੱਲੇਦਾਰ ਖਿਡਾਰੀ ਰੋਜਰ ਫੈਡਰਰ ਦਾ ਸਾਹਮਣਾ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਕੱਟੜ ਵਿਰੋਧੀ ਸਪੇਨ ਦੇ ਰਾਫੇਲ ਨਡਾਲ ਨਾਲ ਹੋਵੇਗਾ। 2008 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਇਸ ਗ੍ਰੈਂਡਸਲੇਮ ਦੇ ਸਿੰਗਲਸ ਵਿਚ ਫੈਡਰਰ ਅਤੇ ਨਡਾਲ ਦਾ ਸਾਹਮਣਾ ਹੋਵੇਗਾ। ਇਸ ਸਾਲ ਦੇ ਦੂਜੇ ਗ੍ਰੈਂਡਸਲੇਮ ਫਰੈਂਚ ਓਪਨ ਵਿਚ ਇਨ੍ਹਾਂ ਦੋਵਾਂ ਖਿਡਾਰੀਆਂ ਵਿਚਕਾਰ ਮੁਕਾਬਲਾ ਹੋਇਆ ਸੀ, ਜਿਸ ਵਿਚ ਸਪੇਨਿਸ਼ ਨੇ ਬਾਜ਼ੀ ਮਾਰੀ ਸੀ। ਫੈਡਰਰ ਕੁਲ 20 ਗ੍ਰੈਂਡਸਲੇਮ ਜਿੱਤ ਚੁੱਕਿਆ ਹੈ ਅਤੇ ਨਡਾਲ 18 ਗ੍ਰੈਂਡਸਲੇਮ ਜਿੱਤ ਕੇ ਉਨ੍ਹਾਂ ਤੋਂ ਜ਼ਿਆਦਾ ਦੂਰ ਨਹੀਂ ਹੈ। ਨਡਾਲ ਨੇ ਹਾਲਾਂਕਿ ਸਿਰਫ਼ ਦੋ ਵਾਰ ਵਿੰਬਲਡਨ ਜਿੱਤਿਆ ਸੀ, ਜਦਕਿ ਫੈਡਰਰ ਦੇ ਨਾਮ ਅੱਠ ਵਿੰਬਲਡਨ ਖਿਤਾਬ ਹਨ ਪਰ ਫਿਰ ਵੀ ਸਵਿਸ ਦਿੱਗਜ਼ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਨਡਾਲ ਗ੍ਰਾਸ ਕੋਰਟ 'ਤੇ ਬਿਹਤਰ ਹੋਏ ਹਨ। ਫੈਡਰਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਨਡਾਲ ਗ੍ਰਾਸ ਕੋਰਟ 'ਤੇ ਬਿਹਤਰ ਹੋਏ ਹਨ। ਉਹ ਹੁਣ ਅਲੱਗ ਤਰੀਕੇ ਨਾਲ ਖੇਡ ਰਹੇ ਹਨ। ਉਹ ਹੁਣ ਸਰਵਿਸ ਵੀ ਅਲੱਗ ਤਰੀਕੇ ਨਾਲ ਕਰ ਰਹੇ ਹਨ। ਮੈਨੂੰ ਯਾਦ ਹੈ ਕਿ ਪਹਿਲਾਂ ਉਹ ਕਿਸ ਤਰ੍ਹਾਂ ਸਰਵਿਸ ਕਰਦੇ ਸਨ ਅਤੇ ਹੁਣ ਉਹ ਕਿੰਨੀ ਵੱਡੀ ਸਰਵਿਸ ਕਰ ਰਹੇ ਹਨ, ਉਹ ਕਿੰਨੀ ਛੇਤੀ ਅੰਕ ਬਟੋਰ ਰਹੇ ਹਨ। ਉਥੇ ਨਡਾਲ ਨੇ ਕਿਹਾ ਕਿ ਰੋਜਰ ਖ਼ਿਲਾਫ਼ ਖੇਡਣਾ ਹਮੇਸ਼ਾ ਇਕ ਅਨੋਖੀ ਸਥਿਤੀ ਰਹੀ ਹੈ। 11 ਸਾਲ ਬਾਅਦ ਉਨ੍ਹਾਂ ਵਿਰੁੱਧ ਇਸ ਗ੍ਰਾਸ ਕੋਰਟ 'ਤੇ ਖੇਡਣਾ ਕਾਫੀ ਉਤਸ਼ਾਹਪੂਰਨ ਹੈ।

ਆਖਰੀ ਵਾਰ 2008 ਵਿੰਬਲਡਨ ਦੇ ਫਾਈਨਲ ਵਿਚ ਇਹ ਦੋਵੇਂ ਖਿਡਾਰੀ ਭਿੜੇ ਸਨ ਉਦੋਂ ਇਕ ਬੇਹੱਦ ਰੋਮਾਂਚਕ ਮੈਚ ਵਿਚ ਨਡਾਲ ਨੇ ਪੰਜ ਸੈੱਟਾਂ ਵਿਚ 6-4, 6-4, 6-7, 6-7, 9-7 ਵਿਚ ਜਿੱਤ ਦਰਜ ਕੀਤੀ ਸੀ। ਫੈਡਰਰ 2006 ਅਤੇ 2007 ਦੇ ਫਾਈਨਲ ਵਿਚ ਨਡਾਲ ਨੂੰ ਹਰਾ ਚੁੱਕੇ ਹਨ। ਹੋਰ ਸੈਮੀਫਾਈਨਲ ਵਿਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਦਾ ਸਾਹਮਣਾ ਸ਼ੁੱਕਰਵਾਰ ਨੂੰ ਹੀ ਰੋਬਟ੍ਰੋ ਬਾਤਿਸਤਾ ਆਗੁਟ ਨਾਲ ਹੋਵੇਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਫੈਡਰਰ ਨੇ ਕੁਆਰਟਰ ਫਾਈਨਲ ਵਿਚ ਜਾਪਾਨ ਦੇ ਕੇਈ ਨਿਸ਼ਿਕੋਰੀ ਨੂੰ 4-6, 6-1, 6-4, 6-4 ਨਾਲ ਹਰਾਇਆ, ਜਦਕਿ ਨਡਾਲ ਨੇ ਅਮਰੀਕਾ ਦੇ ਸੈਮ ਕਵੈਰੀ ਖ਼ਿਲਾਫ਼ 7-5, 6-2, 6-2 ਨਾਲ ਜਿੱਤ ਦਰਜ ਕੀਤੀ ਸੀ।