ਨਵੀਂ ਦਿੱਲੀ (ਆਈਏਐੱਨਐੱਸ) : ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਪੂਰੀ ਤਰ੍ਹਾਂ ਫਿੱਟ ਹੋ ਗਏ ਹਨ ਤੇ ਹੁਣ ਉਹ ਇਕ ਸਮੇਂ ਵਿਚ ਇਕ ਹੀ ਟੂਰਨਾਮੈਂਟ 'ਤੇ ਧਿਆਨ ਦੇਣਗੇ। ਟੈਨਿਸ ਦੌਰਿਆਂ 'ਤੇ ਖ਼ਾਸ ਤੌਰ 'ਤੇ ਸਖ਼ਤ ਕੋਰਟ 'ਤੇ ਬੋਪੰਨਾ ਆਪਣੇ ਗੋਡਿਆਂ ਦੇ ਦਰਦ ਤੋਂ ਕਾਫੀ ਪਰੇਸ਼ਾਨ ਰਹੇ ਹਨ।

ਇਸ ਨਾਲ ਉਨ੍ਹਾਂ ਲਈ ਦਰਦ ਨੂੰ ਭੁਲਾ ਕੇ ਖੇਡਣਾ ਮੁਸ਼ਕਲ ਹੋ ਗਿਆ। ਛੇ ਮਹੀਨੇ ਤਕ ਟੈਨਿਸ ਤੋਂ ਦੂਰੀ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਇਸ ਮੁਸ਼ਕਲ ਤੋਂ ਪਿੱਛਾ ਛੁਡਾਉਣ ਲਈ ਯੋਗਾ ਦਾ ਸਹਾਰਾ ਲਿਆ। ਉਨ੍ਹਾਂ ਨੇ ਕਿਹਾ ਕਿ ਮੇਰੇ ਗੋਡੇ ਵਿਚ ਲਚੀਲਾਪਨ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਤੇ ਇਸ ਵਿਚ ਬਹੁਤ ਦਰਦ ਹੁੰਦਾ ਸੀ।

ਅਜਿਹੇ ਦਿਨ ਵੀ ਦੇਖੇ ਜਦ ਮੈਂ ਜਾਗਣ ਤੋਂ ਬਾਅਦ ਵੀ ਕੋਰਟ ਵਿਚ ਨਹੀਂ ਜਾਣਾ ਚਾਹੁੰਦਾ ਸੀ। ਮਹਾਮਾਰੀ ਦੌਰਾਨ ਮੈਂ ਤਿੰਨ ਮਹੀਨੇ ਲਈ ਹਫ਼ਤੇ ਵਿਚ ਚਾਰ ਵਾਰ ਯੋਗਾ ਕਰਨਾ ਸ਼ੁਰੂ ਕੀਤਾ ਹੈ। ਇਸ ਨੇ ਗੋਡੇ ਦੇ ਆਲੇ ਦੁਆਲੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਤੇ ਜੋੜਾਂ ਦੇ ਭਾਰ ਸਹਿਣ ਦੀ ਯੋਗਤਾ ਨੂੰ ਵਧਾਉਣ ਵਿਚ ਮਦਦ ਕੀਤੀ। ਮੈਨੂੰ ਲਗਦਾ ਹੈ ਕਿ ਮੇਰੀ ਮੂਵਮੈਂਟ ਵਿਚ ਹੁਣ ਕੋਈ ਰੁਕਾਵਟ ਨਹੀਂ ਹੈ। ਮੈਂ ਫਿੱਟ ਹਾਂ ਤੇ ਹੁਣ ਇਕ ਸਮੇਂ ਵਿਚ ਇਕ ਹੀ ਟੂਰਨਾਮੈਂਟ ਖੇਡਣ 'ਤੇ ਧਿਆਨ ਦੇਵਾਂਗਾ।