ਆਲਮੀ ਟੈਨਿਸ ਦੇ ਖੇਡ ਨਕਸ਼ੇ ’ਤੇ ਪੀਟ ਸੈਂਪਰਾਸ, ਬੋਰਿਸ ਬੇਕਰ, ਆਂਦਰੇ ਅਗਾਸੀ, ਨੋਵਾਕ ਜੋਕੋਵਿਚ, ਰੋਡਿਕ, ਐਂਡੀ ਮੱਰੇ, ਰਾਫੇਲ ਨਡਾਲ ਆਦਿ ਖਿਡਾਰੀਆਂ ਦੇ ਵੱਡੇ ਨਾਂ ਉੱਕਰੇ ਹੋਏ ਹਨ ਪਰ ਆਲਮੀ ਰੈਂਕਿੰਗ ’ਚ 310 ਹਫ਼ਤੇ ਨੰਬਰ-1 ਦੇ ਮਾਲਕ ਰਹੇ ਟੈਨਿਸ ਸਟਾਰ ਰੋਜਰ ਫੈਡਰਰ ਨੇ ਕੁੱਲ ਦੁਨੀਆ ਦੇ ਟੈਨਿਸ ਪ੍ਰੇਮੀਆਂ ਨੂੰ ਆਪਣੀ ਜਾਦੂਮਈ ਟੈਨਿਸ ਖੇਡ ਨਾਲ ਜ਼ਰੂਰ ਮੰਤਰ-ਮੁਗਧ ਕੀਤਾ ਹੈ। ਉਸ ਨੇ ਟੈਨਿਸ ਜਗਤ ’ਚ ਆਪਣੀ ਬਾਦਸ਼ਾਹਤ ਕਾਇਮ ਕਰ ਕੇ ਜਿੱਥੇ ਆਪਣਾ ਨਾਂ ਕੁੱਲ ਆਲਮ ਦੀ ਟੈਨਿਸ ਡਾਇਰੀ ’ਚ ਸੁਨਹਿਰੀ ਅੱਖਰਾਂ ’ਚ ਦਰਜ ਕਰਵਾਇਆ ਹੈ, ਉੱਥੇ ਵਿਸ਼ਵ ਟੈਨਿਸ ਦਾ ਸਟਾਰ ਖਿਡਾਰੀ ਨਾਮਜ਼ਦ ਹੋਣ ਸਦਕਾ ਆਪਣੇ ਮਾਤਾ-ਪਿਤਾ ਦਾ ਸੁਪਨਾ ਵੀ ਸਾਕਾਰ ਕੀਤਾ ਹੈ। ਇਹੀ ਨਹੀਂ ਉਸ ਨੇ 2003 ਤੋਂ 2010 ਤੱਕ ਆਲਮੀ ਟੈਨਿਸ ’ਚ ਆਪਣੀ ਬਾਦਸ਼ਾਹਤ ਦਾ ਸਿੱਕਾ ਹੀ ਨਹੀਂ ਚਲਾਇਆ ਸਗੋਂ ਉਹ ਮੁਕਾਮ ਵੀ ਹਾਸਲ ਕੀਤਾ ਹੈ, ਜਿਸ ਨੂੰ ਹਾਸਲ ਕਰਨਾ ਹਰੇਕ ਖਿਡਾਰੀ ਦਾ ਸੁਪਨਾ ਹੁੰਦਾ ਹੈ। ਉਸ ਦਾ ਨਾਂ ਟੈਨਿਸ ਦੇ ਆਸਮਾਨ ’ਚ ਧਰੂ ਤਾਰੇ ਵਾਂਗ ਚਮਕ ਰਿਹਾ ਹੈ।

ਚਾਰ ਸਾਲ ਦੀ ਉਮਰ ’ਚ ਕੀਤੀ ਸ਼ੁਰੂਆਤ

ਰੋਜਰ ਫੈਡਰਰ ਦਾ ਜਨਮ 8 ਅਗਸਤ, 1981 ’ਚ ਹੋਇਆ। ਉਸ ਦੇ ਮਾਤਾ-ਪਿਤਾ ਕੈਮੀਕਲ ਫੈਕਟਰੀ ’ਚ ਕੰਮ ਕਰਦੇ ਸਨ, ਜਿਨ੍ਹਾਂ ਨੂੰ ਟੈਨਿਸ ਖੇਡਣਾ ਤੇ ਦੇਖਣਾ ਬਹੁਤ ਪਸੰਦ ਸੀ। ਇਸ ਲਈ ਦੋਹਾਂ ਦੀ ਇੱਛਾ ਸੀ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਰੋਜਰ ਫੈਡਰਰ ਪਾਏਦਾਰ ਟੈਨਿਸ ਖਿਡਾਰੀ ਜ਼ਰੂਰ ਨਾਮਜ਼ਦ ਹੋਵੇ। ਚਾਰ ਸਾਲ ਦੀ ਉਮਰ ’ਚ ਉਹ ਆਪਣੀ ਮਾਤਾ ਲਿਨੇਟ ਫੈਡਰਰ ਨਾਲ ਪਹਿਲੀ ਵਾਰ ਟੈਨਿਸ ਕੋਰਟ ’ਚ ਪ੍ਰੈਕਟਿਸ ਕਰਨ ਗਿਆ ਸੀ। ਇਹ ਉਹ ਸਮਾਂ ਸੀ ਜਦੋਂ ਉਸ ਨੇ ਟੀਵੀ ’ਤੇ ਬੋਰਿਸ ਬੇਕਰ ਨੂੰ ਚੈਂਪੀਅਨ ਬਣਦਾ ਤੱਕਿਆ ਸੀ। ਇਸ ਤੋਂ ਬਾਅਦ ਉਸ ਅੰਦਰ ਬੋਰਿਸ ਬੇਕਰ ਜਿਹਾ ਨਾਮੀ ਟੈਨਿਸ ਖਿਡਾਰੀ ਬਣਨ ਦੀ ਚਿੰਗਾਰੀ ਅੰਗੜਾਈ ਲੈਣ ਲੱਗੀ ਸੀ। ਸਿਖਲਾਈ ਦੌਰਾਨ ਜਦੋਂ ਉਹ ਅਕਸਰ ਆਪਣੇ ਵਿਰੋਧੀਆਂ ਤੋਂ ਹਾਰ ਜਾਂਦਾ ਸੀ ਤਾਂ ਉਹ ਉੱਚੀ-ਉੱਚੀ ਰੋਣ ਲੱਗ ਜਾਂਦਾ ਜਾਂ ਕਈ ਵਾਰ ਆਪਣਾ ਰੈਕਟ ਧਰਤੀ ’ਤੇ ਮਾਰਦਾ ਸੀ। 8 ਸਾਲ ਦੀ ਉਮਰ ’ਚ ਇਕ ਵਾਰ ਜਦੋਂ ਉਹ ਜਦੋਂ ਆਪਣੇ ਵਿਰੋਧੀ ਤੋਂ 6-0 ਤੇ 6-0 ਨਾਲ ਹਾਰ ਗਿਆ ਤਾਂ ਗੁੱਸੇ ’ਚ ਉਸ ਨੇ ਆਪਣਾ ਰੈਕਟ ਤੋੜ ਦਿੱਤਾ ਸੀ। ਇਸ ਦੌਰਾਨ ਉਸ ਦਾ ਪਿਤਾ ਉੱਥੇ ਮੌਜੂਦ ਸੀ। ਪਿਤਾ ਨੇ ਉਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਅਗਾਂਹ ਤੋਂ ਕੋਰਟ ’ਚ ਹਾਰਨ ’ਤੇ ਜੇ ਉਸ ਵੱਲੋਂ ਇਸ ਤਰ੍ਹਾਂ ਦਾ ਵਤੀਰਾ ਅਖ਼ਤਿਆਰ ਕੀਤਾ ਗਿਆ ਤਾਂ ਉਹ ਕਦੇ ਵੀ ਉਸ ਦਾ ਮੈਚ ਵੇਖਣ ਨਹੀਂ ਆਵੇਗਾ। ਉਸ ’ਤੇ ਪਿਤਾ ਦੀ ਚੇਤਾਵਨੀ ਦਾ ਇਸ ਕਦਰ ਅਸਰ ਹੋਇਆ ਕਿ ਇਸ ਤੋਂ ਬਾਅਦ ਉਸ ਨੂੰ ਹਾਰ-ਜਿੱਤ ਨੂੰ ਸਹਿਜ ਨਾਲ ਲੈਣ ਦੀ ਆਦਤ ਪੈ ਗਈ। ਉਸ ਨੇ ਦੋ ਸਾਲ ਆਪਣੇ ਹੋਮ ਟਾਊਨ ਬਾਜਲ ’ਚ ਸਵਿਸ ਇਨਡੋਰ ਟੈਨਿਸ ਟੂਰਨਾਮੈਂਟ ਦੌਰਾਨ ਕੋਰਟ ’ਚ ‘ਬਾਲ ਬੁਆਏ’ ਦੀ ਭੂਮਿਕਾ ਨਿਭਾਉਣ ਦਾ ਸਵਾਦ ਵੀ ਚੱਖਿਆ। ਟੈਨਿਸ ਤੋਂ ਇਲਾਵਾ ਉਹ ਫੁੱਟਬਾਲ ਵੀ ਖੇਡਿਆ ਕਰਦਾ ਸੀ। ਫੁੱਟਬਾਲ ਖਿਡਾਉਣ ਲਈ ਮਾਤਾ-ਪਿਤਾ ਨੂੰ ਉਸ ਨੂੰ ਘਰੇਲੂ ਬਾਜਲ ਐੱਫਸੀ ਭੇਜਣ ਦੀ ਸ਼ੁਰੂਆਤ ਕੀਤੀ ਪਰ ਇਕ ਸਮਾਂ ਅਜਿਹਾ ਆਇਆ ਕਿ ਉਸ ਨੇ ਕਰੀਅਰ ਬਣਾਉਣ ਲਈ ਟੈਨਿਸ ਜਾਂ ਫੁੱਟਬਾਲ ’ਚੋਂ ਇਕ ਦੀ ਚੋਣ ਕਰਨੀ ਸੀ। ਅੰਤ ’ਚ ਮਾਪਿਆਂ ਤੇ ਸਿਖਲਾਇਰ ਨਾਲ ਸਲਾਹ-ਮਸ਼ਵਰਾ ਕਰ ਕੇ ਉਸ ਨੇ ਟੈਨਿਸ ਕੋਰਟ ’ਚ ਨਿੱਤਰਨ ਦਾ ਫ਼ੈਸਲਾ ਲਿਆ।

ਆਲਮੀ ਪੱਧਰ ’ਤੇ ਖੱਟਿਆ ਨਾਮਣਾ

1998 ’ਚ ਰੋਜਰ ਫੈਡਰਰ ਨੇ ਜੂਨੀਅਰ ਸਿੰਗਲ ਟੈਨਿਸ ’ਚ ਜਿੱਥੇ ਵਿੰਬਲਡਨ ਦਾ ਗਰੈਂਡ ਸਲੈਮ ਜਿੱਤਣ ’ਚ ਸਫਲਤਾ ਹਾਸਲ ਕੀਤੀ, ਉੱਥੇ ਇਸੇ ਸਾਲ ਜੂਨੀਅਰ ਪੱਧਰ ’ਤੇ ਯੂਐੱਸ ਓਪਨ ਦੇ ਫਾਈਨਲ ਖੇਡਣ ਸਦਕਾ ਉਪ-ਜੇਤੂ ਤੇ ਆਸਟ੍ਰੇਲੀਅਨ ਓਪਨ ’ਚ ਸੈਮੀਫਾਈਨਲ ਖੇਡਣ ਤੱਕ ਦਾ ਸਫ਼ਰ ਤੈਅ ਕੀਤਾ। ਜੂਨੀਅਰ ਸਿੰਗਲ ’ਚ ਉਸ ਨੇ 78 ਜਿੱਤਾਂ ਦਰਜ ਕੀਤੀਆਂ ਜਦਕਿ 20 ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਜੂਨੀਅਰ ਸਿੰਗਲ ਵਰਗ ’ਚ ਉਹ ਦੋ ਵਾਰ ਨੰਬਰ-1 ਰੈਂਕਿੰਗ ’ਤੇ ਕਾਬਜ਼ ਵੀ ਹੋਇਆ। ਇਸੇ ਤਰ੍ਹਾਂ ਜੂਨੀਅਰ ਡਬਲ ਵਰਗ ’ਚ ਉਸ ਨੇ ਆਪਣੇ ਜੋਟੀਦਾਰ 36 ਮੈਚਾਂ ’ਚ ਖਿਤਾਬੀ ਜਿੱਤਾਂ ਹਾਸਲ ਕੀਤੀਆਂ ਜਦਕਿ 21 ਮੁਕਾਬਲਿਆਂ ’ਚ ਫੈਡਰਰ ਤੇ ਜੋੜੀਦਾਰ ਨੂੰ ਹਾਰ ਨਾਲ ਦੋ-ਚਾਰ ਹੋਣਾ ਪਿਆ। ਜੂਨੀਅਰ ਡਬਲ ਵਰਗ ’ਚ 1998 ’ਚ ਫੈਡਰਰ ਤੇ ਜੋਟੀਦਾਰ ਨੇ ਵਿੰਬਲਡਨ ’ਚ ਖਿਤਾਬੀ ਜਿੱਤ ਹਾਸਲ ਕੀਤੀ ਜਦਕਿ ਆਸਟ੍ਰੇਲੀਅਨ ਓਪਨ ਮੁਕਾਬਲੇ ’ਚ ਸੈਮੀਫਾਈਨਲ ਖੇਡਣ ਦਾ ਹੱਕ ਹਾਸਲ ਹੋਇਆ। ਇਸੇ ਸਾਲ ਫੈਡਰਰ ਜੋੜੀ ਨੂੰ ਡਬਲ ਵਰਗ ’ਚ ਨੰਬਰ-7 ਦੀ ਰੈਂਕਿੰਗ ਹਾਸਲ ਹੋਈ। ਉਸ ਦੀਆਂ ਇਤਿਹਾਸਕ ਟੈਨਿਸ ਜਿੱਤਾਂ ਦੇ ਖੇਡ ਸਫ਼ਰ ’ਚ 2014 ’ਚ ਡੇਵਿਸ ਕੱਪ ਦਾ ਸਿੰਗਲ ਖਿਤਾਬ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਉਸ ਨੇ 2001, 2018 ਤੇ 2019 ’ਚ ਤਿੰਨ ਵਾਰ ਹੋਪਮੈਨ ਟੈਨਿਸ ਕੱਪ ਦੇ ਸਿੰਗਲ ਖਿਤਾਬ ਵੀ ਜਿੱਤੇ। ਉਸ ਨੇ ਬੀਜਿੰਗ ਓਲੰਪਿਕ 2008 ’ਚ ਜਿੱਥੇ ਡਬਲ ਵਰਗ ’ਚ ਗੋਲਡ ਮੈਡਲ ਜਿੱਤਿਆ, ਉੱਥੇ ਲੰਡਨ 2012 ਓਲੰਪਿਕ ’ਚ ਸਿੰਗਲ ਵਰਗ ’ਚ ਚਾਂਦੀ ਦਾ ਤਗਮਾ ਜਿੱਤਿਆ।

ਆਲਮੀ ਟੈਨਿਸ ’ਚ ਰੋਜਰ ਫੈਡਰਰ ਲਈ 2003 ਤੋਂ 2010 ਤੱਕ ਦਾ ਸਫ਼ਰ ਜਿੱਤਾਂ ਨਾਲ ਮਾਲਾ-ਮਾਲ ਰਿਹਾ। ਇਸ ਦੌਰਾਨ ਉਸ ਨੇ ਆਪਣੇ ਵਿਰੋਧੀਆਂ ਨੂੰ ਕੋਰਟ ’ਚ ਖੰਘਣ ਤੱਕ ਨਹੀਂ ਦਿੱਤਾ। 2003 ’ਚ ਉਸ ਨੇ ਵਿੰਬਲਡਨ ਦਾ ਖਿਤਾਬ ਹਾਸਲ ਕਰ ਕੇ ਸਿੰਗਲ ਵਰਗ ’ਚ ਆਪਣੀਆਂ ਗਰੈਂਡ ਸਲੈਮ ਜਿੱਤਾਂ ਦਾ ਸਿਲਸਿਲਾ ਸ਼ੁਰੂ ਕੀਤਾ। ਇਸ ਸਾਲ ਉਸ ਨੇ 7 ਟੂਰਨਾਮੈਂਟਾਂ ’ਚ ਜਿੱਤਾਂ ਹਾਸਲ ਕੀਤੀਆਂ। ਸਾਲ 2004 ਉਸ ਲਈ ਗਰੈਂਡ ਸਲੈਮ ਜਿੱਤਾਂ ਦਾ ਸੁਨੇਹਾ ਲੈ ਕੇ ਬਹੁੜਿਆ, ਜਿਸ ਦੌਰਾਨ ਉਸ ਨੇ ਸਿੰਗਲ ਵਰਗ ’ਚ ਆਸਟ੍ਰੇਲੀਅਨ ਓਪਨ, ਯੂਐੱਸ ਓਪਨ ਤੇ ਵਿੰਬਲਡਨ ਮੁਕਾਬਲੇ ’ਚ ਵਿਰੋਧੀਆਂ ’ਤੇ ਖਿਤਾਬੀ ਜਿੱਤਾਂ ਦਰਜ ਕੀਤੀਆਂ ਪਰ ਫਰੈਂਚ ਓਪਨ ਦੀ ਜਿੱਤ ਉਸ ਤੋਂ ਹਾਲੇ ਵੀ ਕੋਹਾਂ ਦੂਰ ਸੀ। 2005 ’ਚ ਉਸ ਨੇ 11 ਮੁਕਾਬਲਿਆਂ ’ਚ ਫ਼ਤਹਿ ਹਾਸਲ ਕੀਤੀ, ਜਿਸ ਕਰਕੇ ਆਲਮੀ ਟੈਨਿਸ ’ਚ ਉਸ ਦੀ ਨੰਬਰ-1 ਦੀ ਰੈਂਕਿੰਗ ਬਰਕਰਾਰ ਰਹੀ। ਇਸ ਸਾਲ ਉਹ ਆਸਟ੍ਰੇਲੀਅਨ ਓਪਨ ਦਾ ਫਾਈਨਲ ਹਾਰ ਕੇ ਉਪ-ਜੇਤੂ ਹੀ ਨਾਮਜ਼ਦ ਹੋਇਆ ਪਰ ਵਿੰਬਲਡਨ ਤੇ ਯੂਐੱਸ ਓਪਨ ਦਾ ਖਿਤਾਬ ਜਿੱਤਣ ਸਦਕਾ ਦੋ ਸਿੰਗਲ ਗਰੈਂਡ ਸਲੈਮ ਹਾਸਲ ਕੀਤੇ। ਸਾਲ 2006 ’ਚ ਉਸ ਨੇ ਆਸਟ੍ਰੇਲੀਅਨ, ਵਿੰਬਲਡਨ ਤੇ ਯੂਐੱਸ ਓਪਨ ’ਚ ਜਬਰਦਸਤ ਜਿੱਤਾਂ ਹਾਸਲ ਕਰ ਕੇ ਨੰਬਰ-1 ਦੀ ਰੈਂਕਿੰਗ ’ਤੇ ਕਬਜ਼ਾ ਜਾਰੀ ਰੱਖਿਆ। ਇਸ ਸਾਲ ਉਹ 17 ਸਿੰਗਲ ਮੁਕਾਬਲੇ ਖੇਡਣ ਲਈ ਕੋਰਟ ’ਚ ਨਿੱਤਰਿਆ, ਜਿਨ੍ਹਾਂ ’ਚੋਂ 12 ਟੂਰਨਾਮੈਂਟਾਂ ’ਚ ਚੈਂਪੀਅਨ ਬਣਨ ਦਾ ਹੱਕ ਹਾਸਲ ਹੋਇਆ। 2007 ’ਚ ਉਸ ਨੇ ਯੂਐੱਸ ਓਪਨ, ਆਸਟ੍ਰੇਲੀਅਨ ਓਪਨ ਤੇ ਵਿੰਬਲਡਨ ਟੈਨਿਸ ’ਚ ਲਗਾਤਾਰ ਚੈਂਪੀਅਨ ਬਣਨ ਦਾ ਜੱਸ ਖੱਟਿਆ ਪਰ ਫਰੈਂਚ ਓਪਨ ਦੇ ਫਾਈਨਲ ’ਚ ਐਂਟਰੀ ਕਰਨ ਤੋਂ ਬਾਅਦ ਵੀ ਉਸ ਦੀ ਗਰੈਂਡ ਸਲੈਮ ਜਿੱਤਣ ਦੀ ਉਡੀਕ ਲੰਮੀ ਹੁੰਦੀ ਗਈ। ਇਸ ਸਾਲ ਉਸ ਨੇ 8 ਫਾਈਨਲ ਮੁਕਾਬਲੇ ਜਿੱਤਣ ਦਾ ਨਾਮਣਾ ਖੱਟਿਆ।

ਉਤਰਾਅ-ਚੜਾਅ ਦਾ ਕਰਨਾ ਪਿਆ ਸਾਹਮਣਾ

2009 ’ਚ ਰੋਜਰ ਫੈਡਰਰ ਵੱਲੋਂ ਕੋਰਟ ’ਚ ਬਣਾਈ ਖੇਡ ਲੈਅ ਸਦਕਾ ਚਾਰੇ ਗਰੈਂਡ ਸਲੈਮਾਂ ਦੇ ਖਿਤਾਬੀ ਮੈਚ ਖੇਡਣ ਦਾ ਹੱਕ ਹਾਸਲ ਹੋਇਆ ਪਰ ਇਸ ਦੌਰਾਨ ਉਸ ਵੱਲੋਂ ਫਰੈਂਚ ਓਪਨ ਜਿੱਤਣ ਦਾ ਸੋਕਾ ਜ਼ਰੂਰ ਤੋੜ ਦਿੱਤਾ ਗਿਆ ਤੇ ਉਸ ਨੇ ਫਰੈਂਚ ਓਪਨ ਤੇ ਵਿੰਬਲਡਨ ਦੀਆਂ ਖਿਤਾਬੀ ਜਿੱਤਾਂ ਆਪਣੀ ਝੋਲੀ ਦਾ ਸ਼ਿੰਗਾਰ ਬਣਾਈਆਂ ਪਰ ਯੂਐੱਸ ਤੇ ਆਸਟ੍ਰੇਲੀਅਨ ਓਪਨ ’ਚ ਹਾਰਨ ਸਦਕਾ ਉਸ ਦਾ ਇਕ ਸੀਜ਼ਨ ’ਚ ਚਾਰੇ ਗਰੈਂਡ ਸਲੈਮ ਜਿੱਤਣ ਦਾ ਸੁਪਨਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ ਪਰ ਇਸ ਦੇ ਬਾਵਜੂਦ ਉਸ ਨੇ 5ਵੀਂ ਵਾਰ ਨੰਬਰ-1 ਦੀ ਰੈਂਕਿੰਗ ਹਾਸਲ ਕਰਨ ’ਚ ਕਾਮਯਾਬੀ ਜ਼ਰੂਰ ਹਾਸਲ ਕੀਤੀ। ਸਾਲ 2010 ਉਸ ਲਈ ਬਹੁਤ ਮਾੜਾ ਸਾਬਤ ਹੋਇਆ। ਇਸ ਸਾਲ ਉਸ ਨੂੰ ਕੇਵਲ ਆਸਟ੍ਰੇਲੀਅਨ ਓਪਨ ਦੀ ਖਿਤਾਬੀ ਜਿੱਤ ਨਾਲ ਹੀ ਸਬਰ ਕਰਨਾ ਪਿਆ ਜਦਕਿ ਫਰੈਂਚ ਓਪਨ, ਯੂਐੱਸ ਓਪਨ ਤੇ ਵਿੰਬਲਡਨ ਦੇ ਫਾਈਨਲ ਖੇਡਣ ’ਚ ਉਹ ਨਾਕਾਮ ਸਿੱਧ ਹੋਇਆ। ਇਸ ਦੌਰਾਨ ਉਸ ਦੀ ਰੈਂਕਿੰਗ ਨੰਬਰ-2 ’ਤੇ ਖਿਸਕ ਗਈ। 2011 ’ਚ ਉਸ ਨੇ ਫਰੈਂਚ ਓਪਨ ਦੇ ਫਾਈਨਲ ’ਚ ਦਸਤਕ ਜ਼ਰੂਰ ਦਿੱਤੀ ਗਈ ਪਰ ਫਰੈਂਚ ਓਪਨ ’ਚ ਦੂਜਾ ਗਰੈਂਡ ਸਲੈਮ ਜਿੱਤਣਾ ਉਸ ਲਈ ਟੇਢੀ ਖੀਰ ਜ਼ਰੂਰ ਬਣਿਆ ਰਿਹਾ ਜਦਕਿ ਉਸ ਵੱਲੋਂ ਫਰੈਂਚ ਓਪਨ ਦੇ ਫਾਈਨਲ ਖੇਡਣ ਦਾ ਟਿਕਟ ਚਾਰ ਵਾਰ ਕਟਾਇਆ ਗਿਆ। 2012 ’ਚ ਵੀ ਉਸ ਨੂੰ ਕੇਵਲ ਵਿੰਬਲਡਨ ਦਾ ਇੱਕੋ-ਇੱਕ ਗਰੈਂਡ ਸਲੈਮ ਜਿੱਤਣ ਨਾਲ ਸਬਰ ਕਰਨਾ ਪਿਆ। ਸਾਲ 2013 ਉਸ ਲਈ ਜਿੱਤਾਂ ਤੋਂ ਬਿਲਕੁਲ ਕੋਰਾ ਸਾਬਤ ਹੋਇਆ ਜਦਕਿ ਸਾਲ 2014 ’ਚ ਵਿੰਬਲਡਨ ਮੁਕਾਬਲੇ ਦਾ ਫਾਈਨਲ ਖੇਡਣ ਦੇ ਦਰ ’ਤੇ ਦਸਤਕ ਦੇਣ ਦੇ ਬਾਵਜੂਦ ਉਹ ਉਪ-ਜੇਤੂ ਹੀ ਨਾਮਜ਼ਦ ਹੋ ਸਕਿਆ। ਸਾਲ 2015 ’ਚ ਉਸ ਨੇ ਯੂਐੱਸ ਓਪਨ ਤੇ ਵਿੰਬਲਡਨ ਮੁਕਾਬਲਿਆਂ ਦੇ ਫਾਈਨਲ ਖੇਡਣ ਲਈ ਉਡਾਣ ਜ਼ਰੂਰ ਭਰੀ ਸੀ ਪਰ ਵਿਰੋਧੀ ਤੋਂ ਟੈਨਿਸ ਕੋਰਟ ’ਚ ਥਿੜਕਣ ਸਦਕਾ ਉਹ ਉਪ-ਜੇਤੂ ਬਣਨ ਦਾ ਸਫ਼ਰ ਹੀ ਤੈਅ ਕਰ ਸਕਿਆ। ਸਾਲ 2016 ’ਚ ਚਾਰੇ ਗਰੈਂਡ ਸਲੈਮ ਖੇਡਣ ਵਾਲਾ ਫੈਡਰਰ ਟੈਨਿਸ ਕੋਰਟ ’ਚ ਕੋਈ ਕਰਿਸ਼ਮਾ ਨਹੀਂ ਕਰ ਸਕਿਆ ਪਰ ਸਾਲ 2017 ’ਚ ਉਸ ਨੇ ਚੰਗੀ ਵਾਪਸੀ ਕਰਦਿਆਂ ਕਰੀਅਰ ’ਚ ਵਿੰਬਲਡਨ ਦਾ 8ਵਾਂ ਗਰੈਂਡ ਸਲੈਮ ਤੇ ਆਸਟ੍ਰੇਲੀਅਨ ਓਪਨ ਦਾ 5ਵਾਂ ਗਰੈਂਡ ਸਲੈਮ ਜਿੱਤਣ ਦਾ ਕਰਿਸ਼ਮਾ ਕਰ ਕੇ ਟੈਨਿਸ ਜਗਤ ਨੂੰ ਤਰੇਲੀਆਂ ਲਿਆ ਦਿੱਤੀਆਂ। ਜ਼ਖ਼ਮੀ ਸ਼ੇਰ ਦੀ ਤਰ੍ਹਾਂ ਉਸ ਨੇ ਸਾਲ 2018 ’ਚ ਆਪਣੇ ਕਰੀਅਰ ਦੇ ਆਖ਼ਰੀ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ’ਚ ਜਿੱਤ ਦਰਜ ਕਰ ਕੇ ਆਪਣੇ ਜਿੱਤੇ ਗਰੈਂਡ ਸਲੈਮਜ਼ ਟਾਈਟਲਾਂ ਦੀ ਗਿਣਤੀ 20 ਕਰਨ ’ਚ ਸਫਲਤਾ ਹਾਸਲ ਕੀਤੀ। ਇਸ ਤੋਂ ਬਾਅਦ ਕਦੇ ਵੀ ਹਾਰ ਨਾ ਮੰਨਣ ਵਾਲੇ ਰੋਜਰ ਫੈਡਰਰ ਨੇ 2019 ’ਚ ਇਕ ਵਾਰ ਵਿੰਬਲਡਨ ਦਾ ਖਿਤਾਬ ਜਿੱਤਣ ਦੀ ਉਮੀਦ ਜ਼ਰੂਰ ਜਗਾਈ ਸੀ ਪਰ ਉਸ ਨੂੰ ਉਪ-ਜੇਤੂ ਬਣ ਕੇ ਹੀ ਸਬਰ ਕਰਨਾ ਪਿਆ।

ਹਾਸਲ ਕੀਤਾ ਖ਼ਾਸ ਮੁਕਾਮ

ਆਲਮੀ ਟੈਨਿਸ ਜਗਤ ਦੇ ਮਹਾਨ ਖਿਡਾਰੀ ਰੋਜਰ ਫੈਡਰਰ ਨੇ ਆਪਣੇ ਸਿਖਲਾਇਰਾਂ, ਮਾਪਿਆਂ, ਦੋਸਤਾਂ-ਮਿੱਤਰਾਂ ਅਤੇ ਆਪਣੇ ਚਹੇਤੇ ਟੈਨਿਸ ਪ੍ਰੇਮੀਆਂ ਦੇ ਸ਼ਬਦਾਂ ਨੂੰ ਸੱਚ ਸਾਬਤ ਕਰ ਕੇ ਵਿਖਾ ਦਿੱਤਾ ਹੈ ਕਿ ਉਸ ਨੇ ਆਪਣਾ ਕੰਮ ਕਰ ਦਿੱਤਾ ਹੈ। ਹੁਣ ਭਵਿੱਖੀ ਟੈਨਿਸ ਖਿਡਾਰੀਆਂ ਲਈ ਇਮਤਿਹਾਨ ਦੀ ਘੜੀ ਹੈ ਕਿ ਉਹ ਰੋਜਰ ਫੈਡਰਰ ਵੱਲੋਂ ਜਿੱਤੇ 20 ਗਰੈਂਡ ਸਲੈਮ ਤੋਂ ਪਾਰ ਜਾਂਦੇ ਹਨ ਜਾਂ ਫੈਡਰਰ ਦਰਸ਼ਕ ਗੈਲਰੀ ’ਚ ਬੈਠਾ ਕਰੀਅਰ ’ਚ ਮਾਰੀਆਂ ਟੈਨਿਸ ਜਿੱਤਾਂ ’ਤੇ ਫ਼ਖ਼ਰ ਮਹਿਸੂਸ ਕਰਿਆ ਕਰੇਗਾ। ਉਸ ਨੇ 8 ਵਾਰ ਵਿੰਬਲਡਨ ਦਾ ਟਾਈਟਲ ਜਿੱਤਣ ਦਾ ਰਿਕਾਰਡ ਆਪਣੇ ਨਾਂ ਦਰਜ ਕਰਵਾਇਆ ਹੈ।

ਲੰਡਨ ’ਚ ਲੇਬਰ ਟੈਨਿਸ ਕੱਪ ਉਸ ਦਾ ਅਖੀਰਲਾ ਏਟੀਪੀ ਟੂਰਨਾਮੈਂਟ ਹੈ, ਜੋ 24 ਸਤੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਲੇਬਰ ਕੱਪ ਤੋਂ ਬਾਅਦ ਉਸ ਨੇ ਐਲਾਨ ਕੀਤਾ ਕਿ ਹੁਣ ਉਹ ਗਰੈਂਡ ਸਲੈਮ ਤੇ ਏਟੀਪੀ ਟੂਰਨਾਮੈਂਟ ਨਹੀਂ ਖੇਡੇਗਾ ਜਦਕਿ ਟੈਨਿਸ ਦੇ ਐਗਜੀਬੀਸ਼ਨ ਮੈਚ ਖੇਡਣੇ ਜਾਰੀ ਰੱਖੇਗਾ। ਉਸ ਨੇ 24 ਸਾਲਾ ਲੰਬੇ ਟੈਨਿਸ ਕਰੀਅਰ ’ਚ 1500 ਤੋਂ ਵੱਧ ਮੈਚ ਖੇਡਣ ਤੋਂ ਬਾਅਦ 41 ਸਾਲ ਦੀ ਉਮਰ ’ਚ ਟੈਨਿਸ ਕੋਰਟ ਨੂੰ ਅਲਵਿਦਾ ਕਹਿ ਕੇ ਆਪਣਾ ਰੈਕਟ ਕਿੱਲੀ ’ਤੇ ਟੰਗ ਦਿੱਤਾ ਹੈ। ਕੋਰਟ ਤੋਂ ਵਿਦਾਈ ਲੈਣ ਸਮੇਂ ਉਸ ਨੇ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਦਾ ਸ਼ੁਕਰੀਆ ਕਹਿੰਦਾ ਹੈ, ਜਿਨ੍ਹਾਂ ਨੇ ਇਸ ‘ਬਾਲ-ਬੁਆਏ’ ਦੀ ਟੈਨਿਸ ਖੇਡਣ ਦੌਰਾਨ ਸੁਪਨੇ ਪੂਰੇ ਕਰਨ ’ਚ ਹਰ ਸੰਭਵ ਮਦਦ ਕੀਤੀ ਹੈ। ਉਸ ਨੇ ਕਿਹਾ ਕਿ ਟੈਨਿਸ ਖੇਡਣ ਵਾਲੇ ਸਾਲਾਂ ਦੌਰਾਨ ਉਸ ਨੂੰ ਜੋ ਕੁਝ ਹਾਸਲ ਹੋਇਆ ਹੈ, ਬਿਲਕੁਲ ਨਿਰਾਲਾ ਹੈ, ਜਿਸ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ।

ਉਸ ਨੇ ਕਿਹਾ ਕਿ ਮੈਂ 24 ਸਾਲਾ ਕਰੀਅਰ ’ਚ 1500 ਤੋਂ ਵੱਧ ਮੈਚ ਖੇਡੇ ਹਨ। ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਉਹ ਟੈਨਿਸ ਜਗਤ ’ਚ ਇਹ ਮੁਕਾਮ ਹਾਸਲ ਕਰੇਗਾ। ਹੁਣ ਮੇਰੀ ਉਮਰ 41 ਸਾਲ ਹੋ ਗਈ ਹੈ, ਜਿਸ ਕਰਕੇ ਉਹ ਆਪਣੇ ਸਰੀਰ ਦੀ ਫਿਟਨੈੱਸ ਬਾਰੇ ਚੰਗੀ ਤਰ੍ਹਾਂ ਜਾਣੂ ਹੈ। ਹਾਲਾਂਕਿ ਟੈਨਿਸ ਕੋਰਟ ਨੂੰ ਅਲਵਿਦਾ ਕਹਿਣਾ ਇਕ ਮੁਸ਼ਕਲ ਫ਼ੈਸਲਾ ਹੈ ਪਰ ਇਸ ਤੋਂ ਬਾਅਦ ਟੈਨਿਸ ਖੇਡਦੇ ਸਮੇਂ ਦੀਆਂ ਕਈ ਯਾਦਾਂ ਹਨ, ਜਿਨ੍ਹਾਂ ਨਾਲ ਢੇਰ ਸਾਰੇ ਜਸ਼ਨ ਮਨਾਏ ਜਾ ਸਕਦੇ ਹਨ। ਇਸ ਦੌਰਾਨ ਫੈਡਰਰ ਨੇ ਹਮੇਸ਼ਾ ਪਰਛਾਵੇਂ ਵਾਂਗ ਸਾਥ ਦੇਣ ਲਈ ਪਤਨੀ ਮਿਰਕਾ ਦਾ ਵਿਸ਼ੇਸ਼ ਤੌਰ ’ਤੇ ਸ਼ੁਕਰੀਆ ਅਦਾ ਕੀਤਾ। ਮਿਰਕਾ ਨੇ 8 ਮਹੀਨਿਆਂ ਦੀ ਗਰਭਵਤੀ ਹੋਣ ਦੌਰਾਨ ਮੈਚ ਵੇਖਣ ਸਮੇਂ ਉਸ ਦੀ ਹਮਾਇਤ ਕੀਤੀ ਹੈ। ਉਸ ਨੇ ਮਜ਼ਾਕੀਆ ਲਹਿਜ਼ੇ ’ਚ ਕਿਹਾ ਕਿ ਉਨ੍ਹਾਂ ਸਾਰੇ ਵਿਰੋਧੀ ਖਿਡਾਰੀਆਂ ਦਾ ਵੀ ਧੰਨਵਾਦ, ਜਿਨ੍ਹਾਂ ਨੇ 21 ਸਾਲਾਂ ਤੱਕ ਉਸ ਦੀ ਨਾਸਮਝੀ ਨੂੰ ਬਰਦਾਸ਼ਤ ਕੀਤਾ ਹੈ। ਉਸ ਨੇ ਸਵਿਸ ਟੈਨਿਸ ਬਾਡੀ ਦਾ ਸ਼ੁਕਰੀਆ ਅਦਾ ਕੀਤਾ, ਜਿਸ ਵੱਲੋਂ ਉਸ ਨੂੰ ਖੇਡਣ ਦੇ ਮੌਕੇ ਤਲਾਸ਼ੇ ਗਏ। ਆਖ਼ਰ ’ਚ ਉਸ ਨੇ ਮਾਪਿਆਂ, ਭੈਣ ਤੇ ਟੈਨਿਸ ਪ੍ਰੇਮੀਆਂ ਨੂੰ ਵੀ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਕਿਹਾ ਹੈ ਜਿਨ੍ਹਾਂ ਦੇ ਆਸਰੇ ਇਕ ਸਵਿਸ ਬਾਲ ਬੁਆਏ ਨੇ ਆਪਣੇ ਸੁਪਨੇ ਪੂਰੇ ਕਰਨ ਦੇ ਨਾਲ-ਨਾਲ ਟੈਨਿਸ ਦੀ ਦੁਨੀਆ ’ਚ ਇਕ ਖ਼ਾਸ ਮੁਕਾਮ ਹਾਸਲ ਕੀਤਾ ਹੈ।

ਹਾਰ ਗਿਆ ਸੀ ਪਲੇਠਾ ਮੁਕਾਬਲਾ

ਰੋਜਰ ਫੈਡਰਰ ਦੇ ਕਰੀਅਰ ਦੀ ਖ਼ੂਬਸੂਰਤੀ ਇਹ ਰਹੀ ਕਿ ਜੂਨੀਅਰ ਵਰਗ ’ਚ ’ਚ ਜਿੱਤ ਦਾ ਪਰਚਮ ਲਹਿਰਾਉਣ ਵਾਲੇ ਇਸ ਖਿਡਾਰੀ ਨੇ 1998 ’ਚ ਪ੍ਰੋਫੈਸ਼ਨਲ ਪੱਧਰ ’ਤੇ ਟੈਨਿਸ ਕਰੀਅਰ ਦਾ ਆਗ਼ਾਜ਼ ਕੀਤਾ ਪਰ ਬਦਕਿਸਮਤੀ ਨਾਲ ਰਾਡੋ ਓਪਨ ’ਚ ਉਹ ਕਰੀਅਰ ਦਾ ਪਲੇਠਾ ਮੁਕਾਬਲਾ ਹਾਰਨ ਕਰਕੇ ਬਹੁਤ ਨਿਰਾਸ਼ ਹੋਇਆ। ਟਰੇਨਰ ਇਵਾਨ ਵਲੋਂ ਦਿੱਤੇ ਹੌਸਲੇ ਸਦਕਾ ਉਸ ਨੇ ਸਾਲ 2001 ’ਚ ਖੇਡੇ ਗਏ ਮਿਲਾਨ ਓਪਨ ’ਚ ਜਿੱਤ ਦਰਜ ਕਰ ਕੇ ਸਾਰੇ ਉਲਾਂਭੇ ਲਾਹ ਦਿੱਤੇ। ਇਸੇ ਸਾਲ ਉਸ ਨੇ ਫਰੈਂਚ ਓਪਨ ’ਚ ਕੁਆਰਟਰਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ। ਇਸ ਲੰਬੀ ਛਾਲ ਨਾਲ ਉਹ ਆਲਮੀ ਰੈਂਕਿੰਗ ’ਚ ਟਾਪ 15 ਟੈਨਿਸ ਖਿਡਾਰੀਆਂ ਦੇ ਕਲੱਬ ’ਚ ਸ਼ੁਮਾਰ ਹੋਇਆ।

ਦਿੱਗਜ ਖਿਡਾਰੀਆਂ ਦਾ ਕਰਨਾ ਪਿਆ ਸਾਹਮਣਾ

ਰੋਜਰ ਫੈਡਰਰ ਨੂੰ ਆਲਮੀ ਟੈਨਿਸ ’ਚ ਸ਼ਾਨਦਾਰ ਕਰੀਅਰ ਬਣਾਉਣ ਲਈ ਦੁਨੀਆ ਦੇ ਦਿੱਗਜ ਖਿਡਾਰੀਆਂ ਪੀਟ ਸੈਂਪਰਾਸ, ਰਾਫੇਲ ਨਾਡਾਲ, ਨੋਵਾਕ ਜੋਕੋਵਿਚ, ਆਂਦਰੇ ਆਗਾਸੀ, ਵਾਵਰਿੰਕਾ ਤੇ ਐਂਡੀ ਮਰੇ ਨਾਲ ਕੋਰਟ ’ਚ ਟਾਕਰਾ ਕਰਨਾ ਪਿਆ, ਜਿਸ ਤੋਂ ਬਾਅਦ ਉਸ ਨੇ ਵਿੰਬਲਡਨ ਟੈਨਿਸ ਦੇ 8 ਗਰੈਂਡ ਸਲੈਮ ਜਿੱਤ ਕੇ 4 ਵਾਰ ਉਪ-ਜੇਤੂ, ਆਸਟ੍ਰੇਲੀਅਨ ਓਪਨ ਦੇ 6 ਗਰੈਂਡ ਸਲੈਮ ਜਿੱਤੇ ਤੇ ਇਕ ਵਾਰ ਉਪ-ਜੇਤੂ, ਯੂਐੱਸ ਓਪਨ ਦੇ 5 ਗਰੈਂਡ ਸਲੈਮ ’ਚ ਜਿੱਤ ਹਾਸਲ ਕੀਤੀ ਤੇ ਦੋ ਵਾਰ ਉਪ-ਜੇਤੂ ਅਤੇ ਫਰੈਂਚ ਓਪਨ ਦਾ ਇੱਕੋ ਗਰੈਂਡ ਸਲੈਮ ਜਿੱਤਣ ਤੋਂ ਬਾਅਦ 4 ਵਾਰ ਉਪ-ਜੇਤੂ ਬਣਨ ਦਾ ਵੱਡਾ ਜੱਸ ਖੱਟਿਆ ਹੈ। ਸਾਲ 2001 ’ਚ ਟੈਨਿਸ ਕਰੀਅਰ ਦੇ ਸ਼ੁਰੂਆਤੀ ਗਰੈਂਡ ਸਲੈਮ ਮੁਕਾਬਲੇ ’ਚ ਉਸ ਨੇ ਦੁਨੀਆ ਦੀ ਟੈਨਿਸ ਦੇ ਨੰਬਰ-1 ਖਿਡਾਰੀ ਅਮਰੀਕੀ ਖਿਡਾਰੀ ਪੀਟ ਸੈਂਪਰਾਸ ਨੂੰ 5 ਸੈੱਟਾਂ ਤੱਕ ਗਏ ਮੈਚ ’ਚ ਹਰਾ ਦਿੱਤਾ ਸੀ। ਇਸ ਮੁਕਾਬਲੇ ਤੋਂ ਬਾਅਦ ਪੀਟ ਸੈਂਪਰਾਸ ਨੇ ਰੋਜਰ ਫੈਡਰਰ ਬਾਰੇ ਕੀਤੀ ਇਕ ਟਿੱਪਣੀ ’ਚ ਕਿਹਾ ਸੀ ਕਿ ਇਸ ਨੌਜਵਾਨ ’ਚ ਟੈਨਿਸ ਦੀ ਪਟਾਰੀ ਭਰੀ ਹੋਈ ਹੈ, ਜਿਹੜੀ ਸਾਲ-ਦਰ-ਸਾਲ ਖੁੱਲ੍ਹਣ ਸਦਕਾ ਆਲਮੀ ਟੈਨਿਸ ’ਚ ਨਵੇਂ ਆਲਮ ਜ਼ਰੂਰ ਸਿਰਜੇਗੀ। ਅਮਰੀਕਾ ਦੇ ਮਹਾਨ ਟੈਨਿਸ ਖਿਡਾਰੀ ਜਿਮੀ ਕੋਨਰਸ ਨੇ ਉਸ ਦੇ ਕਈ ਮੈਚ ਵੇਖਣ ਤੋਂ ਬਾਅਦ ਇਕ ਵਾਰ ਕਿਹਾ ਸੀ ਕਿ ਕੋਈ ਖਿਡਾਰੀ ਹਾਰਡ ਕੋਰਟ ’ਤੇ, ਕੋਈ ਗਰਾਸ ਕੋਰਟ ’ਤੇ ਅਤੇ ਕੋਈ ਕਲੇਅ ਕੋਰਟ ’ਤੇ ਖੇਡਣ ਦਾ ਮਾਹਿਰ ਹੁੰਦਾ ਹੈ ਪਰ ਇਕ ਰੋਜਰ ਫੈਡਰਰ ਹੀ ਆਲਮੀ ਟੈਨਿਸ ਦਾ ਵਿਰਲਾ ਖਿਡਾਰੀ ਹੈ, ਜਿਸ ਨੇ ਤਿੰਨੇ ਟੈਨਿਸ ਕੋਰਟਾਂ ’ਚ ਵਿਰੋਧੀਆਂ ’ਤੇ ਧੜੱਲੇਦਾਰ ਜਿੱਤਾਂ ਹਾਸਲ ਕੀਤੀਆਂ ਹਨ।

- ਸੁਖਵਿੰਦਰਜੀਤ ਸਿੰਘ ਮਨੌਲੀ

Posted By: Harjinder Sodhi