ਸਿਨਸਿਨਾਟੀ (ਏਐੱਫਪੀ) : ਸਵਿਟਜ਼ਰਲੈਂਡ ਦੇ ਦਿੱਗਜ ਟੈਨਿਸ ਖਿਡਾਰੀ ਰੋਜਰ ਫੈਡਰਰ ਤੇ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਏਟੀਪੀ ਸਿਨਸਿਨਾਟੀ ਮਾਸਟਰਜ਼ ਟੂਰਨਾਮੈਂਟ ਵਿਚ ਸੌਖੀ ਜਿੱਤ ਦਰਜ ਕੀਤੀ। ਤੀਜਾ ਦਰਜਾ ਹਾਸਲ ਫੈਡਰਰ ਨੇ 2-2 ਦੇ ਸਕੋਰ 'ਤੇ ਇਕ ਘੰਟੇ ਦੇ ਬਾਰਿਸ਼ ਦੇ ਅੜਿੱਕੇ ਤੋਂ ਬਾਅਦ ਅਰਜਨਟੀਨਾ ਦੇ ਜੁਆਨ ਇਗਨਾਸੀਓ ਲੋਂਡਰੋ ਨੂੰ 6-3, 6-4 ਨਾਲ ਹਰਾ ਕੇ ਤੀਜੇ ਗੇੜ 'ਚ ਥਾਂ ਬਣਾਈ। ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਫੈਡਰਰ ਨੇ ਕਿਹਾ ਕਿ ਮੈਂ ਬਹੁਤ ਖ਼ੁਸ਼ ਹਾਂ। ਬਾਰਿਸ਼ ਨਾਲ ਮੈਚ ਦੇਰੀ ਨਾਲ ਹੋਣ ਤੋਂ ਬਾਅਦ ਮੈਂ ਜਿੱਤ ਹਾਸਲ ਕੀਤੀ। ਪਿਛਲੀ ਵਾਰ ਦੇ ਜੇਤੂ ਤੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਜੋਕੋਵਿਕ ਖ਼ਰਾਬ ਸ਼ੁਰੂਆਤ ਦੇ ਬਾਵਜੂਦ ਅਮਰੀਕਾ ਦੇ ਸੈਮ ਕਵੇਰੀ ਨੂੰ 7-5, 6-1 ਨਾਲ ਮਾਤ ਦੇ ਕੇ ਤੀਜੇ ਗੇੜ 'ਚ ਪੁੱਜ ਗਏ। ਜੋਕੋਵਿਕ ਨੇ ਕਿਹਾ ਕਿ ਸੈਮ ਮੈਚ ਵਿਚ ਚੰਗਾ ਖੇਡ ਰਿਹਾ ਸੀ। ਉਸ ਦਾ ਸਾਹਮਣਾ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਮੈਨੂੰ ਉਮੀਦ ਹੈ ਕਿ ਮੈਂ ਅਗਲੇ ਗੇੜ ਵਿਚ ਵੀ ਚੰਗਾ ਪ੍ਰਦਰਸ਼ਨ ਕਰਾਂਗਾ। ਫੈਡਰਰ ਤੇ ਜੋਕੋਵਿਕ ਪਿਛਲੇ ਮਹੀਨੇ ਵਿੰਬਲਡਨ ਫਾਈਨਲ ਤੋਂ ਬਾਅਦ ਕਿਸੇ ਟੂਰਨਾਮੈਂਟ ਵਿਚ ਪਹਿਲੀ ਵਾਰ ਖੇਡ ਰਹੇ ਸਨ। ਸਟੇਨ ਵਾਵਰਿੰਕਾ ਨੇ ਇਕ ਹੋਰ ਮੁਕਾਬਲੇ ਵਿਚ 2017 ਦੇ ਚੈਂਪੀਅਨ ਗਿ੍ਗੋਰ ਦਿਮਿਤ੍ਰੋਵ ਨੂੰ 5-7, 6-4, 7-6 ਨਾਲ ਹਰਾਇਆ। ਉਥੇ ਅਮਰੀਕਾ ਦੇ ਫ੍ਰਾਂਸਿਸ ਟਿਆਫੋਏ ਨੇ ਫਰਾਂਸ ਦੇ ਗਾਇਲ ਮੋਂਫਿਲਸ ਨੂੰ 7-6, 6-3 ਨਾਲ ਹਰਾ ਦਿੱਤੀ।

ਵੀਨਸ ਨੇ ਬਰਟੇਂਸ ਨੂੰ ਕੀਤਾ ਬਾਹਰ :

ਮਹਿਲਾ ਸਿੰਗਲਜ਼ ਵਿਚ ਵੀਨਸ ਵਿਲੀਅਮਜ਼ ਨੇ ਦੂਜੇ ਗੇੜ ਦੇ ਮੁਕਾਬਲੇ ਵਿਚ ਪਿਛਲੀ ਵਾਰ ਦੀ ਚੈਂਪੀਅਨ ਕਿਕੀ ਬਰਟੇਂਸ ਨੂੰ 6-3, 3-6, 7-6 ਨਾਲ ਹਰਾ ਕੇ ਟੂਰਨਾਮੈਂਟ 'ਚੋਂ ਬਾਹਰ ਕਰ ਦਿੱਤਾ। 13ਵਾਂ ਦਰਜਾ ਜਰਮਨੀ ਦੀ ਏਂਜੇਲਿਕ ਕਰਬਰ ਪਹਿਲੇ ਗੇੜ ਦੇ ਮੁਕਾਬਲੇ ਵਿਚ ਏਨੇਟ ਕੋਂਟਾਵੇਈਟ ਹੱਥੋਂ 6-7, 2-6 ਨਾਲ ਹਾਰ ਗਈ। ਇਸ ਤੋਂ ਇਲਾਵਾ 12ਵਾਂ ਦਰਜਾ ਸਵਿਟਜ਼ਰਲੈਂਡ ਦੀ ਬੇਲਿੰਡਾ ਬੇਨਸਿਕ ਜਦ ਵਿਕਟੋਰੀਆ ਅਜਾਰੇਂਕਾ ਖ਼ਿਲਾਫ਼ 4-6, 0-1 ਨਾਲ ਪਿੱਛੇ ਚੱਲ ਰਹੀ ਸੀ ਤਾਂ ਉਨ੍ਹਾਂ ਨੇ ਸੱਟ ਕਾਰਨ ਇਹ ਮੈਚ ਵਿਚਾਲੇ ਛੱਡ ਦਿੱਤਾ। ਇਸ ਨਾਲ ਅਜਾਰੇਂਕਾ ਦੂਜੇ ਗੇੜ ਵਿਚ ਪੁੱਜ ਗਈ। ਅਮਰੀਕੀ ਖਿਡਾਰਨ ਮੈਡੀਸਨ ਕੀਜ ਨੇ ਸਪੇਨ ਦੀ ਗਰਬਾਈਨੇ ਮੁਗੁਰੂਜਾ ਨੂੰ ਪਹਿਲੇ ਗੇੜ ਵਿਚ 6-7, 7-6, 6-4 ਨਾਲ ਹਰਾ ਦਿੱਤਾ।