ਬਿਊਨਸ ਆਇਰਸ (ਆਈਏਐੱਨਐੱਸ) : ਸਵਿਟਜ਼ਰਲੈਂਡ ਦੇ ਦਿੱਗਜ ਖਿਡਾਰੀ ਰੋਜਰ ਫੈਡਰਰ ਨੇ ਇੱਥੇ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਖ਼ਿਲਾਫ਼ ਹੋਣ ਵਾਲੇ ਪ੍ਰਦਰਸ਼ਨੀ ਮੈਚ ਤੋਂ ਪਹਿਲਾਂ ਕਿਹਾ ਹੈ ਕਿ ਉਹ ਹਮੇਸ਼ਾ ਬਿਹਤਰ ਹੋਣ ਦੀ ਕੋਸ਼ਿਸ਼ ਕਰਦੇ ਹਨ ਤੇ ਮੰਨਦੇ ਹਨ ਕਿ ਇਹ 38 ਸਾਲ ਦੀ ਉਮਰ ਵਿਚ ਵੀ ਸੰਭਵ ਹੈ।

ਫੈਡਰਰ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਸੀ ਕਿ ਮੈਂ ਇੰਨੇ ਲੰਬੇ ਸਮੇਂ ਤਕ ਖੇਡ ਸਕਾਂਗਾ। ਮੈਂ ਅੰਦਾਜ਼ਾ ਲਾਇਆ ਸੀ ਕਿ ਮੈਂ 38, 39 ਸਾਲ ਦੀ ਉਮਰ ਤਕ ਨਹੀਂ ਖੇਡ ਸਕਾਂਗਾ ਪਰ ਮੈਂ ਇੱਥੇ ਹਾਂ। ਮੈਂ ਅਜੇ ਆਪਣੀ ਫਿਟਨੈੱਸ ਨੂੰ ਲੈ ਕੇ ਬਹੁਤ ਖ਼ੁਸ਼ ਹਾਂ। ਸਰੀਰਕ ਤੌਰ 'ਤੇ ਪਿਛਲੇ ਦੋ ਸਾਲ ਮੇਰੇ ਲਈ ਬਹੁਤ ਬਿਹਤਰੀਨ ਰਹੇ ਹਨ। ਹਰ ਪੀੜ੍ਹੀ ਕੁਝ ਨਵਾਂ ਲੈ ਕੇ ਆਉਂਦੀ ਹੈ, ਸ਼ਾਇਦ ਪਾਵਰ ਜਾਂ ਮੂਵਮੈਂਟ ਤੇ ਮੈਨੂੰ ਅਜੇ ਵੀ ਲਗਦਾ ਹੈ ਕਿ ਮੈਂ ਹਮੇਸ਼ਾ ਬਿਹਤਰ ਕਰ ਸਕਦਾ ਹਾਂ।

ਤੁਸੀਂ ਹਮੇਸ਼ਾ ਕੁਝ ਸਿੱਖ ਸਕਦੇ ਹੋ ਤੇ ਮੈਂ ਇਹੀ ਕਰ ਰਿਹਾ ਹਾਂ। ਖੇਡ ਤੋਂ ਸੰਨਿਆਸ ਲੈਣ ਬਾਰੇ ਫੈਡਰਰ ਨੇ ਕਿਹਾ ਕਿ ਇਸ ਦਾ ਕੋਈ ਨਿਯਮ ਨਹੀਂ ਹੈ। ਤੁਹਾਨੂੰ ਮਹਿਸੂਸ ਹੋ ਜਾਂਦਾ ਹੈ ਤੇ ਮੈਂ ਅਸਲ ਵਿਚ ਨਹੀਂ ਜਾਣਦਾ ਕਿ ਮੈਂ ਸੰਨਿਆਸ ਲੈਣ ਦਾ ਐਲਾਨ ਕਦ ਕਰਾਂਗਾ।