ਗੁਰਮੀਤ ਸੰਧੂ, ਅੰਮ੍ਰਿਤਸਰ: ਹਰਿਆਣਾ ਵਿਖੇ ਕਰਵਾਈ ਗਈ ਮਹਿਲਾਵਾਂ ਦੀ ਚਾਰ ਦਿਨਾ ਚੌਥੀ ਸੀਨੀਅਰ ਨੈਸ਼ਨਲ ਰਾਕਬਾਲ ਚੈਂਪੀਅਨਸ਼ਿਪ ਦੌਰਾਨ ਪੰਜਾਬ ਦੀਆਂ ਮੁਟਿਆਰਾਂ ਨੇ ਦੇਸ਼ ਦੀਆਂ ਸਭ ਮਹਿਲਾ ਟੀਮਾਂ ਨੂੰ ਪਛਾੜਦੇ ਹੋਏ ਚੈਂਪੀਅਨਸ਼ਿਪ ਦੀ ਟਰਾਫੀ 'ਤੇ ਕਬਜ਼ਾ ਕੀਤਾ ਹੈ ਜਦੋਂ ਕਿ ਹਰਿਆਣਾ ਨੂੰ ਦੂਸਰਾ ਸਥਾਨ ਮਿਲਿਆ ਹੈ। ਦੱਸਣਯੋਗ ਹੈ ਕਿ ਪੰਜਾਬ ਵੱਲੋਂ ਸ਼ਮੂਲੀਅਤ ਕਰਨ ਗਈ ਮਹਿਲਾ ਟੀਮ 'ਚ ਚਾਰ ਖਿਡਾਰਨਾਂ ਖ਼ਾਲਸਾ ਕਾਲਜ ਫਾਰ ਵਿਮੈਨ ਨਾਲ ਸੰਬੰਧਤ ਹਨ। ਚੈਂਪੀਅਨ ਬਣ ਕੇ ਵਾਪਸ ਪਰਤੀ ਇਸ ਟੀਮ ਦਾ ਖੇਡ ਪ੍ਰਰੇਮੀਆਂ ਰਾਕਬਾਲ ਪ੍ਰਬੰਧਕਾਂ ਤੇ ਹੋਰ ਖਿਡਾਰਨਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਪੰਜਾਬ ਦੀ ਟੀਮ ਦੀ ਕਪਤਾਨ ਜਸਪ੍ਰੀਤ ਕੌਰ ਨੇ ਦੱਸਿਆ ਕਿ ਰਾਸ਼ਟਰ ਪੱਧਰੀ ਰਾਕਬਾਲ ਖੇਡ ਮੁਕਾਬਲਿਆਂ ਦੌਰਾਨ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਹਜ਼ਾਰਾ ਖਿਡਾਰਨਾਂ ਨੇ ਸ਼ਮੂਲੀਅਤ ਕਰਦੇ ਹੋਏ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ ਜਦੋਂ ਕਿ ਪੰਜਾਬ ਦੀ ਟੀਮ ਨੇ ਕੋਚ ਹਰਵਿੰਦਰ ਸਿੰਘ ਦੀ ਅਗਵਾਈ 'ਚ ਸਾਰੇ ਮੈਚਾਂ ਵਿਚ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਚੈਂਪੀਅਨਸ਼ਿਪ ਦੀ ਟਰਾਫੀ 'ਤੇ ਕਬਜ਼ਾ ਕੀਤਾ। ਉਸ ਨੇ ਦੱਸਿਆ ਕਿ ਉਸ ਸਮੇਤ ਬਲਜੀਤ ਕੌਰ, ਗੁਰਲੀਨ ਕੌਰ, ਮਨਪ੍ਰੀਤ ਕੌਰ, ਜਸਪ੍ਰਰੀਤ ਕੌਰ, ਜਸ਼ਨਦੀਪ ਕੌਰ ਤੇ ਕੰਵਲਜੀਤ ਕੌਰ ਅੰਮਿ੍ਤਸਰ ਨਾਲ ਸੰਬੰਧਤ ਹਨ। ਪੰਜਾਬ ਦੀ ਟੀਮ ਨੇ ਅਗਲੇਰੀ ਪ੍ਰਤੀਯੋਗਤਾ ਲਈ ਰਾਹ ਪੱਧਰਾ ਕਰਨ ਦੇ ਨਾਲ-ਨਾਲ ਕਰੜਾ ਅਭਿਆਸ ਸ਼ੁਰੂ ਕਰ ਦਿੱਤਾ ਹੈ। ਕਪਤਾਨ ਜਸਪ੍ਰੀਤ ਕੌਰ ਨੇ ਆਸ ਜ਼ਾਹਰ ਕੀਤੀ ਕਿ ਆਉਣ ਵਾਲੀਆਂ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਖੇਡ ਪ੍ਰਤੀਯੋਗਤਾਵਾਂ ਵਿਚ ਪੰਜਾਬ ਦੀਆਂ ਖਿਡਾਰਨਾਂ ਦੇਸ਼ ਦਾ ਨਾਂ ਵਿਸ਼ਵ ਪੱਧਰ 'ਤੇ ਰੋਸ਼ਨ ਕਰੇਨਗੀਆਂ। ਓਧਰ ਪੰਜਾਬ ਰਾਕਬਾਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਅੰਤਰਰਾਸ਼ਟਰੀ ਖਿਡਾਰੀ ਧਰਮਵੀਰ ਸਿੰਘ ਨੇ ਦੱਸਿਆ ਕਿ ਰਾਕਬਾਲ ਖੇਡ ਦੇ ਪ੍ਰਚਾਰ ਤੇ ਪ੍ਰਸਾਰ 'ਚ ਵਾਧਾ ਕਰਨ ਦੇ ਨਾਲ ਹੋਰਨਾਂ ਸਕੂਲਾਂ, ਕਾਲਜਾਂ 'ਚ ਮਹਿਲਾ ਤੇ ਪੁਰਸ਼ ਟੀਮਾਂ ਦਾ ਗਠਨ ਕੀਤਾ ਜਾਵੇਗਾ। ਇਸ ਖੇਡ ਨੂੰ ਹੋਰ ਵੀ ਪ੍ਰਫੁੱਲਤ ਤੇ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਮਹਿਲਾ ਟੀਮ ਨੂੰ ਐਸੋਸੀਏਸ਼ਨ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਪ੍ਰਿੰਸੀਪਲ ਮਨਪ੍ਰੀਤ ਕੌਰ, ਕੋਚ ਹਰਵਿੰਦਰ ਸਿੰਘ, ਬਲਜੀਤ ਕੌਰ, ਗੁਰਲੀਨ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਜਸ਼ਨਦੀਪ ਕੌਰ ਤੇ ਕੰਵਲਜੀਤ ਕੌਰ ਆਦਿ ਹਾਜ਼ਰ ਸਨ।