ਨਵੀਂ ਦਿੱਲੀ (ਪੀਟੀਆਈ) : ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀਐੱਫਆਈ) ਦੇ ਕਾਰਜਕਾਰੀ ਡਾਇਰੈਕਟਰ ਆਰ ਕੇ ਸਚੇਟੀ ਦਾ ਕੋਵਿਡ-19 ਨਾਲ ਜੂਝਣ ਤੋਂ ਬਾਅਦ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 56 ਸਾਲ ਦੇ ਸਨ। ਇਹ ਖੇਡ ਪ੍ਰਸ਼ਾਸਕ ਇਸ ਖ਼ਤਰਨਾਕ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਪਿਛਲੇ ਕੁਝ ਸਮੇਂ ਤੋਂ ਇਕ ਹਸਪਤਾਲ ਵਿਚ ਵੈਂਟੀਲੇਟਰ 'ਤੇ ਸੀ। ਬੀਐੱਫਆਈ ਨੇ ਕਿਹਾ ਬਹੁਤ ਦੁੱਖ ਨਾਲ ਅਸੀਂ ਤੁਹਾਨੂੰ ਸੂਚਨਾ ਦੇ ਰਹੇ ਹਾਂ ਕਿ ਆਰ ਕੇ ਸਚੇਟੀ, ਕਾਰਜਕਾਰੀ ਡਾਇਰੈਕਟਰ (ਬੀਐੱਫਆਈ) ਮੰਗਲਵਾਰ ਸਵੇਰੇ ਸਾਨੂੰ ਸਭ ਨੂੰ ਛੱਡ ਕੇ ਸਵਰਗਵਾਸ ਹੋ ਗਏ ਜਿਸ ਨਾਲ ਖੇਡ ਜਗਤ ਨੂੰ ਵੱਡਾ ਨੁਕਸਾਨ ਹੋਇਆ ਹੈ। ਉਹ ਕਾਮਯਾਬ ਪ੍ਰਸ਼ਾਸਕ ਸਨ ਜਿਨ੍ਹਾਂ ਨੇ ਭਾਰਤੀ ਖੇਡਾਂ ਵਿਚ ਸ਼ਾਨਦਾਰ ਯੋਗਦਾਨ ਦਿੱਤਾ। ਖੇਡ ਮੰਤਰੀ ਕਿਰਨ ਰਿਜਿਜੂ ਨੇ ਵੀ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਆਰ ਕੇ ਸਚੇਟੀ ਕੋਵਿਡ-19 ਖ਼ਿਲਾਫ਼ ਜੰਗ ਵਿਚ ਹਾਰ ਗਏ। ਉਨ੍ਹਾਂ ਨੇ ਭਾਰਤ ਨੂੰ ਮੁੱਕੇਬਾਜ਼ੀ ਖੇਡ ਵਿਚ ਚੋਟੀ ਦੇ ਦੇਸ਼ਾਂ ਵਿਚ ਸ਼ਾਮਲ ਕਰਨ ਵਿਚ ਅਹਿਮ ਯੋਗਦਾਨ ਦਿੱਤਾ। ਮੈਂ ਚਾਹੁੰਦਾ ਸੀ ਕਿ ਉਹ ਓਲੰਪਿਕ ਵਿਚ ਮੁੱਕੇਬਾਜ਼ਾਂ ਨੂੰ ਦੇਖਣ। ਮੈਂ ਇਸ ਨੁਕਸਾਨ ਲਈ ਉਨ੍ਹਾਂ ਦੇ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕਰਦਾ ਹਾਂ। ਭਾਰਤੀ ਓਲੰਪਿਕ ਸੰਘ (ਆਈਓਏ) ਨੇ ਵੀ ਸਚੇਟੀ ਦੇ ਦੇਹਾਂਤ 'ਤੇ ਦੁੱਖ ਜ਼ਾਹਰ ਕੀਤਾ ਹੈ। ਭਾਰਤੀ ਐਥਲੈਟਿਕਸ ਮਹਾਸੰਘ ਨੇ ਵੀ ਇਸ ਖੇਡ ਪ੍ਰਸ਼ਾਸਕ ਦੇ ਦੇਹਾਂਤ 'ਤੇ ਦੁੱਖ ਜ਼ਾਹਰ ਕੀਤਾ ਹੈ।