ਨਵੀਂ ਦਿੱਲੀ (ਜੇਐੱਨਐੱਨ) : ਵਿਸ਼ਵ ਚੈਂਪੀਅਨ ਪੀਵੀ ਸਿੰਧੂ, ਬੀ ਸਾਈ ਪ੍ਰਣੀਤ ਤੇ ਐੱਨ ਸਿੱਕੀ ਰੈੱਡੀ ਨੇ ਕੋਰੋਨਾ ਵਾਇਰਸ ਕਾਰਨ ਚਾਰ ਮਹੀਨੇ ਤਕ ਕੋਰਟ ਤੋਂ ਦੂਰ ਰਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਹੈਦਰਾਬਾਦ ਮੌਜੂਦ ਭਾਰਤੀ ਖੇਡ ਅਥਾਰਟੀ (ਸਾਈ) ਦੀ ਪੁਲੇਲਾ ਗੋਪੀਚੰਦ ਬੈਡਮਿੰਟਨ ਅਕੈਡਮੀ ਵਿਚ ਸਖ਼ਤ ਸੁਰੱਖਿਆ ਪ੍ਰੋਟੋਕਾਲ ਦੇ ਤਹਿਤ ਅਭਿਆਸ ਸ਼ੁਰੂ ਕੀਤਾ। ਤੇਲੰਗਾਨਾ ਸਰਕਾਰ ਤੋਂ ਇਕ ਅਗਸਤ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਸਾਈ ਨੇ ਓਲੰਪਿਕ ਦੀ ਟਿਕਟ ਹਾਸਲ ਕਰਨ ਵਾਲੇ ਸੰਭਾਵਿਤ ਅੱਠ ਖਿਡਾਰੀਆਂ ਲਈ ਰਾਸ਼ਟਰੀ ਬੈਡਮਿੰਟਨ ਕੈਂਪ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਰਾਸ਼ਟਰੀ ਮੁੱਖ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ ਕਿ ਮੈਂ ਇਸ ਲੰਬੀ ਬ੍ਰੇਕ ਤੋਂ ਬਾਅਦ ਅਭਿਆਸ ਲਈ ਆਪਣੇ ਚੋਟੀ ਦੇ ਖਿਡਾਰੀਆਂ ਨੂੰ ਵਾਪਿਸ ਦੇਖ ਕੇ ਬਹੁਤ ਖ਼ੁਸ਼ ਹਾਂ। ਅਸੀਂ ਸੁਰੱਖਿਅਤ ਵਾਤਾਵਰਨ ਵਿਚ ਸਿਖਲਾਈ ਮੁੜ ਤੋਂ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਓਲੰਪਿਕ ਲਈ ਕੁਆਲੀਫਾਈ ਕਰਨ ਦੀ ਦੌੜ ਵਿਚ ਜੋ ਅੱਠ ਖਿਡਾਰੀ ਸ਼ਾਮਲ ਹਨ ਉਨ੍ਹਾਂ ਵਿਚ ਲੰਡਨ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਸਾਇਨਾ ਨੇਹਵਾਲ, ਸਾਬਕਾ ਵਿਸ਼ਵ ਨੰਬਰ ਇਕ ਕਿਦਾਂਬੀ ਸ਼੍ਰੀਕਾਂਤ, ਮਹਿਲਾ ਡਬਲਜ਼ ਖਿਡਾਰਨ ਅਸ਼ਵਿਨੀ ਪੋਨੱਪਾ ਤੇ ਮਰਦ ਡਬਲਜ਼ ਵਿਚ ਚਿਰਾਗ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਦੀ ਜੋੜੀ ਵੀ ਸ਼ਾਮਲ ਹੈ। ਸਾਇਨਾ ਨੇ ਸ਼ੁੱਕਰਵਾਰ ਨੂੰ ਅਭਿਆਸ ਵਿਚ ਹਿੱਸਾ ਨਹੀਂ ਲਿਆ ਜਦਕਿ ਮਾਰਚ ਵਿਚ ਆਪੋ-ਆਪਣੇ ਘਰਾਂ ਵਿਚ ਚਲੇ ਗਏ ਹੋਰ ਖਿਡਾਰੀ ਅਜੇ ਵਾਪਿਸ ਨਹੀਂ ਮੁੜੇ ਹਨ। ਸਿੰਧੂ ਸ਼ੁੱਕਰਵਾਰ ਨੂੰ ਅਭਿਆਸ ਸ਼ੁਰੂ ਕਰਨ ਪੁੱਜਣ ਵਾਲੀ ਸਭ ਤੋਂ ਪਹਿਲੀ ਖਿਡਾਰਨ ਸੀ ਜਿਨ੍ਹਾਂ ਨੇ ਗੋਪੀਚੰਦ ਤੇ ਵਿਦੇਸ਼ੀ ਕੋਚ ਪਾਰਕ ਤੇਈ-ਸਾਂਗ ਦੀ ਦੇਖ-ਰੇਖ ਵਿਚ ਅਭਿਆਸ ਕੀਤਾ। ਸਿੰਧੂ ਤੋਂ ਬਾਅਦ ਪ੍ਰਣੀਤ ਤੇ ਸਿੱਕੀ ਨੇ ਅਭਿਆਸ ਕੀਤਾ। ਉਥੇ ਓਲੰਪਿਕ ਲਈ ਕੁਆਲੀਫਾਈ ਕਰਨ ਦੇ ਦਾਅਵੇਦਾਰਾਂ ਵਿਚ ਸ਼ਾਮਲ ਭਾਰਤੀ ਬੈਡਮਿੰਟਨ ਖਿਡਾਰੀ ਚਿਰਾਗ ਸ਼ੈੱਟੀ ਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਦੀ ਮਰਦ ਡਬਲਜ਼ ਜੋੜੀ ਕੈਂਪ ਵਿਚ ਸ਼ਾਮਲ ਹੋਣ 'ਤੇ ਫ਼ੈਸਲਾ ਕਰਨ ਲਈ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਦੋ ਹਫ਼ਤੇ ਦਾ ਸਮਾਂ ਲੈਣਾ ਚਾਹੁੰਦੀ ਹੈ। ਇਹ ਮਰਦ ਡਬਲਜ਼ ਜੋੜੀ ਫ਼ਿਲਹਾਲ ਵੱਖ-ਵੱਖ ਹੈ। ਸ਼ੈੱਟੀ ਮੁੰਬਈ ਮੌਜੂਦ ਆਪਣੇ ਘਰ ਵਿਚ ਹਨ ਜਦਕਿ ਰੈਂਕੀਰੈੱਡੀ ਆਂਧਰਾ ਪ੍ਰਦੇਸ਼ ਦੇ ਅਮਲਾਪੁਰਮ ਵਿਚ ਹਨ।

ਅਕੈਡਮੀ ਨੂੰ ਰੰਗ ਦੇ ਆਧਾਰ 'ਤੇ ਵੱਖ-ਵੱਖ ਖੇਤਰਾਂ 'ਚ ਵੰਡਿਆ

ਭਾਰਤੀ ਬੈਡਮਿੰਟਨ ਖਿਡਾਰੀ ਮਾਰਚ ਵਿਚ ਲਾਕਡਾਊਨ ਲੱਗਣ ਤੋਂ ਬਾਅਦ ਤੋਂ ਆਪਣੇ ਘਰਾਂ ਵਿਚ ਹਨ। ਕੋਵਿਡ-19 ਮਹਾਮਾਰੀ ਕਾਰਨ ਪੂਰੀ ਦੁਨੀਆ ਵਿਚ ਬੈਡਮਿੰਟਨ ਸਮੇਤ ਸਾਰੀਆਂ ਖੇਡਾਂ ਨੂੰ ਰੋਕਣਾ ਪਿਆ ਸੀ। ਐਥਲੀਟਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਕੈਡਮੀ ਨੂੰ ਰੰਗ ਦੇ ਹਿਸਾਬ ਨਾਲ ਵੱਖ-ਵੱਖ ਖੇਤਰਾਂ ਵਿਚ ਵੰਡਿਆ ਗਿਆ ਹੈ। ਗ੍ਰੀਨ ਜ਼ੋਨ ਜਾਂ ਖੇਡ ਦੇ ਮੈਦਾਨ ਦੇ ਅੰਦਰ ਸਿਰਫ਼ ਐਥਲੀਟਾਂ ਤੇ ਕੋਚਾਂ ਨੂੰ ਜਾਣ ਦੀ ਇਜਾਜ਼ਤ ਹੈ ਜਦਕਿ ਸਹਾਇਕ ਕਰਮਚਾਰੀਆਂ ਤੇ ਪ੍ਰਸ਼ਾਸਨਿਕ ਕਰਮਚਾਰੀਆਂ ਲਈ ਵੱਖ-ਵੱਖ ਖੇਤਰ ਤੈਅ ਕੀਤੇ ਗਏ ਹਨ। ਖੇਡ ਦੇ ਖੇਤਰ ਵਿਚ ਉਨ੍ਹਾਂ ਦੇ ਜਾਣ 'ਤੇ ਪਾਬੰਦੀ ਹੈ।

------------

ਕੋਟ

ਆਖ਼ਰ ਲੰਬੇ ਸਮੇਂ ਤੋਂ ਬਾਅਦ ਸਿਖਲਾਈ ਹਾਸਲ ਕਰਨਾ ਚੰਗਾ ਸੀ। ਮੈਂ ਸਵੇਰੇ ਅਭਿਆਸ ਕੀਤਾ। ਗੋਪੀ ਸਰ ਤੇ ਨਵੇਂ ਕੋਚ ਅਗੁਸ ਦਵੀ ਸੰਤੋਸੋ ਸਨ। ਸਾਰੇ ਪ੍ਰਰੋਟੋਕਾਲ ਜਿਵੇਂ ਕਿ ਹੱਥਾਂ ਨੂੰ ਸੈਨੇਟਾਈਜ਼ ਕਰਨਾ, ਤਾਪਮਾਨ ਮਾਪਣ ਵਾਲਾ ਤੇ ਆਕਸੀਮੀਟਰ ਉਥੇ ਰੱਖਿਆ ਹੋਇਆ ਸੀ।

-ਬੀ ਸਾਈ ਪ੍ਰਣੀਤ, ਬੈਡਮਿੰਟਨ ਖਿਡਾਰੀ

-----------------

ਕੋਟ

'ਸਿੰਧੂ ਨੇ ਸਵੇਰੇ ਦੋ ਘੰਟੇ ਤਕ ਅਭਿਆਸ ਕੀਤਾ। ਉਹ ਇਸ ਹਫਤੇ ਹਰ ਰੋਜ਼ ਅਭਿਆਸ ਕਰੇਗੀ। ਸ਼ਾਮ ਵਿਚ ਉਹ ਸੁਚਿੱਤਰਾ ਅਕੈਡਮੀ ਵਿਚ ਫਿਟਨੈੱਸ ਟ੍ਰੇਨਿੰਗ ਕਰੇਗੀ। ਉਹ ਘਰ ਵਿਚ ਵੀ ਅਭਿਆਸ ਕਰ ਰਹੀ ਹੈ ਇਸ ਲਈ ਸਰੀਰਕ ਤੌਰ 'ਤੇ ਚੰਗੀ ਸਥਿਤੀ ਵਿਚ ਹੈ, ਪਰ ਅਕਤੂਬਰ ਤਕ ਕੋਈ ਟੂਰਨਾਮੈਂਟ ਨਹੀਂ ਹੈ ਇਸ ਲਈ ਉਹ ਚੀਜ਼ਾਂ ਨੂੰ ਆਰਾਮ ਨਾਲ ਲੈ ਰਹੀ ਹੈ। ਉਹ ਕੰਮ ਦਾ ਭਾਰ ਜ਼ਿਆਦਾ ਨਹੀਂ ਵਧਾ ਰਹੀ ਹੈ। ਸਾਨੂੰ ਚੌਕਸ ਵੀ ਰਹਿਣਾ ਪਵੇਗਾ।

-ਪੀਵੀ ਰਮੰਨਾ, ਸਿੰਧੂ ਦੇ ਪਿਤਾ