ਮੈਡ੍ਰਿਡ (ਏਪੀ) : ਰੀਅਲ ਮੈਡ੍ਰਿਡ ਨੇ ਸ਼ਨਿਚਰਵਾਰ ਦੇਰ ਰਾਤ ਨੂੰ ਇੱਥੇ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਐੱਲ ਕਲਾਸਿਕੋ ਦੇ ਮੁਕਾਬਲੇ ਵਿਚ ਬਾਰਸੀਲੋਨਾ ਨੂੰ 2-1 ਨਾਲ ਮਾਤ ਦੇ ਕੇ ਅੰਕ ਸੂਚੀ ਵਿਚ ਚੋਟੀ 'ਤੇ ਥਾਂ ਬਣਾਈ। ਹਾਲਾਂਕਿ ਇਸ ਮੈਚ ਵਿਚ ਬਾਰਸੀਲੋਨਾ ਨੂੰ ਆਪਣੇ ਸੁਪਰ ਸਟਾਰ ਸਟ੍ਰਾਈਕਰ ਲਿਓਨ ਮੈਸੀ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਸੀ ਪਰ ਉਨ੍ਹਾਂ ਨੇ ਟੀਮ ਨੂੰ ਨਿਰਾਸ਼ ਕੀਤਾ ਤੇ ਇਕ ਵੀ ਗੋਲ ਨਹੀਂ ਕਰ ਸਕੇ। ਮੈਡਿ੍ਡ ਦੇ ਜਿੱਤਣ ਨਾਲ ਸੂਚੀ ਵਿਚ ਸਿਖ਼ਰਲੇ ਤਿੰਨ ਸਥਾਨਾਂ ਦੀ ਜੰਗ ਵੀ ਰੋਮਾਂਚਕ ਹੋ ਗਈ ਹੈ। ਬਾਰਿਸ਼ ਵਿਚਾਲੇ ਹੋਏ ਇਸ ਮੁਕਾਬਲੇ ਵਿਚ ਜਿੱਤ ਨਾਲ ਰੀਅਲ ਮੈਡਿ੍ਡ ਦੇ ਏਟਲੇਟਿਕੋ ਮੈਡਿ੍ਡ ਦੇ ਬਰਾਬਰ 66 ਅੰਕ ਹੋ ਗਏ ਹਨ ਪਰ ਬਿਹਤਰ ਹੈੱਡ-ਟੂ-ਹੈੱਡ ਰਿਕਾਰਡ ਕਾਰਨ ਰੀਅਲ ਮੈਡਿ੍ਡ ਦੀ ਟੀਮ ਚੋਟੀ 'ਤੇ ਹੈ। ਉਥੇ ਬਾਰਸੀਲੋਨਾ 65 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਰੀਅਲ ਮੈਡਿ੍ਡ ਵੱਲੋਂ ਕਰੀਮ ਬੇਂਜੇਮਾ ਤੇ ਟਾਨੀ ਕਰੂਸ ਨੇ ਗੋਲ ਕੀਤੇ ਜਦਕਿ ਬਾਰਸੀਲੋਨਾ ਵੱਲੋਂ ਇੱਕੋ ਇਕ ਗੋਲ ਆਸਕਰ ਮਿਨਗੁਏਜਾ ਨੇ ਕੀਤਾ।