ਬਾਰਸੀਲੋਨਾ (ਰਾਇਟਰ) : ਕਰੀਮ ਬੈਂਜੇਮਾ ਦੇ ਸ਼ਾਨਦਾਰ ਬੈਕਪਾਸ ਦੀ ਮਦਦ ਨਾਲ ਰੀਅਲ ਮੈਡਿ੍ਡ ਨੇ ਐਸਪੇਨਓਲ ਨੂੰ 1-0 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਦੇ ਖ਼ਿਤਾਬ ਵੱਲ ਕਦਮ ਵਧਾ ਦਿੱਤੇ ਹਨ। ਇਸ ਜਿੱਤ ਨਾਲ ਹੀ ਮੈਡਿ੍ਡ ਦੀ ਟੀਮ ਅੰਕ ਸੂਚੀ ਵਿਚ ਧੁਰ ਵਿਰੋਧੀ ਕਲੱਬ ਬਾਰਸੀਲੋਨਾ ਨੂੰ ਹਰਾ ਕੇ ਸਿਖ਼ਰਲੇ ਸਥਾਨ 'ਤੇ ਪਹੁੰਚ ਗਈ।

ਪਹਿਲੇ ਹਾਫ ਵਿਚ ਕੋਈ ਟੀਮ ਗੋਲ ਨਹੀਂ ਕਰ ਸਕੀ ਸੀ। ਦੂਜੇ ਹਾਫ ਵਿਚ ਬੈਂਜੇਮਾ ਨੇ ਗੋਲ ਦੀ ਨੀਂਹ ਰੱਖੀ, ਜਦੋਂ ਉਨ੍ਹਾਂ ਦੇ ਬਿਹਤਰੀਨ ਬੈਕਪਾਸ 'ਤੇ ਗੇਂਦ ਡਿਫੈਂਡਰ ਬਰਨਾਡੋ ਐਸਪਿਨੋਸਾ ਦੇ ਪੈਰਾਂ ਵਿਚਾਲਿਓਂ ਕੈਸੇਮਿਰੋ ਕੋਲ ਪੁੱਜੀ, ਜਿਨ੍ਹਾਂ ਉਸ ਨੂੰ ਗੋਲ ਪੋਸਟ ਵਿਚ ਪਹੁੰਚਾ ਦਿੱਤਾ। ਮੈਨੇਜਰ ਜਿਨੇਦਿਨ ਜਿਦਾਨ ਦੀ ਟੀਮ ਹੁਣ ਅੰਕ ਸੂਚੀ ਵਿਚ ਬਾਰਸੀਲੋਨਾ ਤੋਂ ਸਿਰਫ਼ ਦੋ ਅੰਕ ਅੱਗੇ ਹਨ। ਬਾਰਸੀਲੋਨਾ ਨੇ ਸ਼ਨਿਚਰਵਾਰ ਨੂੰ ਡਰਾਅ ਖੇਡਿਆ। ਹਾਲੇ ਲੀਗ ਦੇ ਛੇ ਮੈਚ ਬਾਕੀ ਹਨ।

ਮਾਨਚੈਸਟਰ ਸਿਟੀ ਵੀ ਸੈਮੀਫਾਈਨਲ 'ਚ

ਲੰਡਨ (ਏਪੀ) : ਕੇਵਿਨ ਡਿ ਬਰੂਨ ਅਤੇ ਰਹੀਮ ਸਟਰਲਿੰਗ ਦੇ ਗੋਲਾਂ ਦੀ ਮਦਦ ਨਾਲ ਨਿਊਕੈਸਲ ਨੂੰ 2-1 ਨਾਲ ਹਰਾ ਕੇ ਪਿਛਲੀ ਚੈਂਪੀਅਨ ਮਾਨਚੈਸਟਰ ਸਿਟੀ ਐੱਫਏ ਕੱਪ ਦੇ ਸੈਮੀਫਾਈਨਲ ਵਿਚ ਪਹੁੰਚ ਗਈ। ਸਿਟੀ ਨੇ ਇਸ ਹਫ਼ਤੇ ਪ੍ਰੀਮੀਅਰ ਲੀਗ ਖ਼ਿਤਾਬ ਲਿਵਰਪੂਲ ਤੋਂ ਗੁਆ ਦਿੱਤਾ ਸੀ। ਹੁਣ ਉਸ ਨੂੰ ਫਾਈਨਲ ਵਿਚ ਪਹੁੰਚਣ ਲਈ 13 ਵਾਰ ਦੇ ਐੱਫਏ ਕੱਪ ਜੇਤੂ ਆਰਸੇਨਲ ਨੂੰ ਹਰਾਉਣਾ ਹੋਵੇਗਾ। ਉਥੇ, ਚੇਲਸੀ ਦਾ ਸਾਹਮਣਾ ਦੂਜੇ ਸੈਮੀਫਾਈਨਲ ਵਿਚ 12 ਵਾਰ ਦੀ ਚੈਂਪੀਅਨ ਮਾਨਚੈਸਟਰ ਯੂਨਾਈਟਿਡ ਨਾਲ ਹੋਵੇਗਾ। ਇਹ ਮੁਕਾਬਲੇ 18 ਤੇ 19 ਜੁਲਾਈ ਨੂੰ ਵੈਂਬਲੇ 'ਚ ਦਰਸ਼ਕਾਂ ਦੇ ਬਿਨਾਂ ਖੇਡੇ ਜਾਣਗੇ।