ਮੈਡਰਿਡ (ਏਐੱਫਪੀ) : ਸਪੈਨਿਸ਼ ਲੀਗ ਲਾ ਲੀਗਾ ਵਿਚ ਰੀਅਲ ਮੈਡਰਿਡ ਨੇ ਇਕ ਫਸਵੇਂ ਮੁਕਾਬਲੇ ਵਿਚ ਏਟਲੇਟਿਕੋ ਮੈਡਰਿਡ ਨੂੰ ਗੋਲਰਹਿਤ (0-0) ਡਰਾਅ 'ਤੇ ਰੋਕ ਕੇ ਚੋਟੀ ਦਾ ਸਥਾਨ ਹਾਸਲ ਕੀਤਾ। ਮੌਜੂਦਾ ਸੈਸ਼ਨ ਵਿਚ ਅਜੇਤੂ ਚੱਲ ਰਹੀ ਰੀਅਲ ਦੀ ਟੀਮ (15 ਅੰਕ) ਨੇ ਅੰਕ ਸੂਚੀ ਦੇ ਗ੍ਰੇਨਾਡਾ ਤੇ ਏਟਲੇਟਿਕੋ ਮੈਡਰਿਡ 'ਤੇ ਇਕ ਅੰਕ ਦੀ ਬੜ੍ਹਤ ਹਾਸਲ ਕਰ ਲਈ। ਮੈਨੇਜਰ ਡਿਏਗੋ ਸਿਮੋਨ ਦੀ ਟੀਮ ਏਟਲੇਟਿਕੋ ਆਪਣੇ ਘਰੇਲੂ ਮੈਦਾਨ ਵਾਂਡਾ ਮੈਟ੍ਰੋਪੋਲੀਟਾਨੋ ਵਿਚ ਜਿਨੇਦਿਨ ਜਿਦਾਨ ਦੀ ਅਨੁਸ਼ਾਸਤ ਟੀਮ ਨੂੰ ਹਰਾਉਣ ਵਿਚ ਨਾਕਾਮ ਰਹੀ। ਗੋਲਰਹਿਤ ਰਹੇ ਇਸ ਫਸਵੇਂ ਮੁਕਾਬਲੇ ਤੋਂ ਬਾਅਦ ਰੀਅਲ ਦੇ ਕਪਤਾਨ ਸਰਜੀਓ ਰਾਮੋਸ ਨੇ ਕਿਹਾ ਕਿ ਅਜਿਹੇ ਮੈਚਾਂ ਵਿਚ ਏਟਲੇਟਿਕੋ ਬਹੁਤ ਸਰੀਰਕ ਖੇਡ ਦਿਖਾਉਂਦਾ ਹੈ। ਇਹ ਸਾਡੇ ਲਈ ਇਸ ਸੈਸ਼ਨ ਦੇ ਸਭ ਤੋਂ ਮੁਸ਼ਕਲ ਮੁਕਾਬਲਿਆਂ ਵਿਚੋਂ ਇਕ ਰਿਹਾ। ਉਹ ਸਾਨੂੰ ਥਾਂ ਨਹੀਂ ਦੇ ਰਹੇ ਸਨ ਜਿਸ ਨਾਲ ਸਾਡੇ ਲਈ ਹਮਲਾ ਕਰਨ ਦੇ ਮੌਕੇ ਬਣਾਉਣੇ ਮੁਸ਼ਕਲ ਹੋ ਰਹੇ ਸਨ। ਇਕ ਅੰਕ ਨੇ ਸਾਡੇ ਲਈ ਕੁਝ ਕੰਮ ਕੀਤਾ ਪਰ ਅਸੀਂ ਤਿੰਨ ਅੰਕ ਹਾਸਲ ਕਰਨਾ ਚਾਹੁੰਦੇ ਸੀ।

ਬਾਰਸੀਲੋਨਾ ਤੋਂ ਦੋ ਅੰਕ ਹੋਇਆ ਅੱਗੇ :

ਰੀਅਲ ਨੇ ਬਾਰਸੀਲੋਨਾ 'ਤੇ ਵੀ ਦੋ ਅੰਕਾਂ ਦੀ ਬੜ੍ਹਤ ਵਧਾ ਲਈ ਹੈ ਜਿਸ ਨੇ ਸ਼ਨਿਚਰਵਾਰ ਨੂੰ ਖੇਡੇ ਗਏ ਇਕ ਹੋਰ ਮੁਕਾਬਲੇ ਵਿਚ ਗੇਟਾਫੇ ਨੂੰ ਹਰਾਇਆ ਜਿੱਥੇ ਲਿਓਨ ਮੈਸੀ ਦੀ ਗ਼ੈਰਮੌਜੂਦਗੀ ਵਿਚ ਲੁਇਸ ਸੁਆਰੇਜ ਤੇ ਜੂਨੀਅਰ ਫਿਰਪੋ ਨੇ ਗੋਲ ਕੀਤੇ।