ਵੀਗੋ (ਆਈਏਐੱਨਐੱਸ) : ਸਪੈਨਿਸ਼ ਫੁੱਟਬਾਲ ਕਲੱਬ ਰੀਅਲ ਮੈਡਰਿਡ ਨੇ ਲਾ ਲੀਗਾ ਦੇ ਮੌਜੂਦਾ ਸੈਸ਼ਨ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਸੇਲਟਾ ਵਿਗੋ ਨੂੰ 3-1 ਨਾਲ ਹਰਾ ਦਿੱਤਾ। ਇਸ ਦੌਰਾਨ ਰੀਅਲ ਦੇ ਸਟਾਰ ਗੇਰੇਥ ਬੇਲ ਨੂੰ ਸ਼ੁਰੂਆਤੀ ਲਾਈਨ-ਅਪ ਵਿਚ ਥਾਂ ਮਿਲੀ ਤੇ ਉਨ੍ਹਾਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ। ਕਾਫੀ ਸਮੇਂ ਤੋਂ ਬੇਲ ਦੇ ਕਲੱਬ ਛੱਡਣ ਦੀਆਂ ਖ਼ਬਰਾਂ ਚੱਲ ਰਹੀਆਂ ਹਨ ਜਿਸ ਤੋਂ ਬਾਅਦ ਰੀਅਲ ਦੇ ਮੈਨੇਜਰ ਜਿਨੇਦਿਨ ਜਿਦਾਨ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਬੇਲ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਦਾ ਹਿੱਸਾ ਨਹੀਂ ਹਨ। ਹਾਲਾਂਕਿ ਇਸ ਮੁਕਾਬਲੇ ਰਾਹੀਂ ਇਕ ਵਾਰ ਮੁੜ ਉਨ੍ਹਾਂ ਨੇ ਆਪਣੇ ਮੈਨੇਜਰ ਦਾ ਯਕੀਨ ਜਿੱਤ ਲਿਆ ਹੈ। ਖੇਡ ਦੇ 12ਵੇਂ ਮਿੰਟ ਵਿਚ ਬੇਲ ਦੇ ਸ਼ਾਨਦਾਰ ਕ੍ਰਾਸ 'ਤੇ ਕਰੀਮ ਬੇਂਜਮਾ ਨੇ ਰੀਅਲ ਨੂੰ ਬੜ੍ਹਤ ਦਿਵਾਈ। ਅੱਧੇ ਸਮੇਂ ਤੋਂ ਕੁਝ ਸਮਾਂ ਬਾਅਦ ਹੀ 55ਵੇਂ ਮਿੰਟ ਵਿਚ ਰੀਅਲ ਦੇ ਸਟਾਰ ਲੁਕਾ ਮਾਡਰਿਕ ਨੂੰ ਰੈੱਡ ਕਾਰਡ ਦਿਖਾ ਕੇ ਮੈਦਾਨ 'ਚੋਂ ਬਾਹਰ ਕਰ ਦਿੱਤਾ ਗਿਆ ਪਰ 61ਵੇਂ ਮਿੰਟ ਵਿਚ ਟਾਨੀ ਕਰੂਜ ਨੇ ਬਾਕਸ ਦੇ ਬਾਹਰ ਤੋਂ ਇਕ ਦਮਦਾਰ ਕਿੱਕ 'ਤੇ ਗੋਲ ਕਰ ਕੇ ਰੀਅਲ ਨੂੰ ਰਾਹਤ ਦਿਵਾਈ। ਉਥੇ 80ਵੇਂ ਮਿੰਟ ਵਿਚ ਬਦਲਵੇਂ ਲੁਕਾਸ ਵਾਜਕਿਊਜ ਨੇ ਗੋਲ ਕਰ ਕੇ ਰੀਅਲ ਨੂੰ 3-0 ਨਾਲ ਅੱਗੇ ਕਰ ਦਿੱਤਾ। ਸੇਲਟਾ ਵਿਗੋ ਵੱਲੋਂ ਇੰਜਰੀ ਟਾਈਮ ਵਿਚ 18 ਸਾਲਾ ਆਈਕਰ ਲੋਸਾਦ ਨੇ ਇਕਲੌਤਾ ਗੋਲ ਕੀਤਾ। ਹਾਲਾਂਕਿ ਅੱਧੇ ਸਮੇਂ ਤੋਂ ਠੀਕ ਪਹਿਲਾਂ ਸੇਲਟਾ ਵਿਗੋ ਨੇ ਬਰੈਸ ਮੇਂਡੇਜ ਨੇ ਇਕ ਗੋਲ ਕੀਤਾ ਪਰ ਰੈਫਰੀ ਨੇ ਉਨ੍ਹਾਂ ਦੇ ਆਫ ਸਾਈਡ ਹੋਣ ਕਾਰਨ ਗੋਲ ਨੂੰ ਅਯੋਗ ਕਰਾਰ ਦਿੱਤਾ।

ਜਿਦਾਨ ਨੇ ਕਈ ਮੁਕਾਬਲਿਆਂ 'ਚ ਰੱਖਿਆ ਸੀ ਬਾਹਰ :

ਪਿਛਲੇ ਦਿਨੀਂ ਕਲੱਬ ਨਾਲ ਜੁੜੇ ਜ਼ਖ਼ਮੀ ਈਡਨ ਹੈਜ਼ਾਰਡ ਦੀ ਥਾਂ ਬੇਲ ਨੂੰ ਮੈਦਾਨ 'ਚ ਉਤਾਰਿਆ ਗਿਆ ਤੇ ਉਨ੍ਹਾਂ ਨੇ ਆਪਣੀ ਖੇਡ ਨਾਲ ਪ੍ਰਭਾਵਿਤ ਕੀਤਾ। ਜਿਦਾਨ ਨੇ ਉਨ੍ਹਾਂ ਨੂੰ ਪ੍ਰਰੀ-ਸੀਜ਼ਨ ਦੇ ਕਈ ਮੁਕਾਬਲਿਆਂ 'ਚੋਂ ਬਾਹਰ ਰੱਖਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਰੀਅਲ ਨੂੰ ਛੱਡਣ ਦੀਆਂ ਖ਼ਬਰਾਂ ਨੂੰ ਜ਼ੋਰ ਮਿਲਿਆ ਸੀ। ਮੈਚ ਤੋਂ ਬਾਅਦ ਰੀਅਲ ਦੇ ਸਟਾਰ ਮਿਡਫੀਲਡਰ ਕਾਸੇਮੀਰੋ ਨੇ ਆਪਣੇ ਸਾਥੀ ਖਿਡਾਰੀ ਬੇਲ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਇਕ ਮਹਾਨ ਖਿਡਾਰੀ ਦੱਸਿਆ।

ਭਾਰਤ ਦੀ ਅੰਡਰ-19 ਟੀਮ ਜਿੱਤੀ

ਨਵੀਂ ਦਿੱਲੀ (ਪੀਟੀਆਈ) : ਸੁਮੀਤ ਰਾਠੀ ਵੱਲੋਂ 78ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਬਦੌਲਤ ਐਤਵਾਰ ਨੂੰ ਭਾਰਤ ਦੀ ਅੰਡਰ-19 ਰਾਸ਼ਟਰੀ ਟੀਮ ਨੇ ਪੋਰਟ ਵਿਲਾ ਵਿਚ ਚੱਲ ਰਹੇ ਓਐੱਫਸੀ ਡਿਵੈਲਪਮੈਂਟ ਟੂਰਨਾਮੈਂਟ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਮੇਜ਼ਬਾਨ ਵਨੂਆਤੂ ਨੂੰ 1-0 ਨਾਲ ਹਰਾ ਦਿੱਤਾ। ਭਾਰਤੀ ਟੀਮ ਦੇ ਕੋਚ ਫਲੋਇਡ ਪਿੰਟੋ ਨੇ ਡਿਫੈਂਸ ਵਿਚ ਚਾਰ ਖਿਡਾਰੀਆਂ ਨੂੰ ਖਿਡਾਉਣ ਦਾ ਫ਼ੈਸਲਾ ਕੀਤਾ ਜਦਕਿ ਅਮਨ ਛੇਤਰੀ ਨੂੰ ਅਗੇ ਖਿਡਾਉਣ ਦਾ ਫ਼ੈਸਲਾ ਕੀਤਾ। ਹੁਣ ਭਾਰਤੀ ਟੀਮ ਆਪਣੇ ਅਗਲੇ ਮੁਕਾਬਲੇ ਵਿਚ ਬੁੱਧਵਾਰ ਨੂੰ ਨਿਊ ਕੈਲੇਡੋਨੀਆ ਨਾਲ ਭਿੜੇਗੀ।