ਭਾਰਤ ਦੀ ਪੇਸ਼ੇਵਰ ਫੁੱਟਬਾਲ ਲੀਗ 'ਇੰਡੀਅਨ ਸੁਪਰ ਲੀਗ' (ਆਈਐੱਸਐੱਲ) ਦਾ ਨਵਾਂ ਸੀਜ਼ਨ 20 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਇੰਡੀਅਨ ਸੁਪਰ ਲੀਗ 'ਚ ਇਸ ਵਾਰ ਵੀ ਨਾਮੀ ਫੁੱਟਬਾਲ ਟੀਮਾਂ ਵਿਚਾਲੇ ਮੁਕਾਬਲੇ ਹੋਣਗੇ। ਦੋ ਵਾਰ ਜੇਤੂ ਰਹਿ ਚੁੱਕੀ ਐਟਲੈਟਿਕੋ ਡੀ ਕੋਲਕਾਤਾ ਟੀਮ ਤੇ ਕੇਰਲ ਬਲਾਸਟਰ ਐੱਫਸੀ ਦਰਮਿਆਨ ਉਦਘਾਟਨੀ ਮੁਕਾਬਲਾ ਹੋਵੇਗਾ।

10 ਟੀਮਾਂ ਵਿਚਾਲੇ ਹੋਣਗੇ ਮੁਕਾਬਲੇ

ਆਈਐੱਸਐੱਲ ਵਿਚ ਇਸ ਵਾਰ ਵੀ ਪਿਛਲੀ ਵਾਰ ਦੀ ਤਰ੍ਹਾਂ ਟੀਮਾਂ ਦੀ ਗਿਣਤੀ ਵਧਣ ਕਾਰਨ ਵਧੇਰੇ ਮੈਚ ਖੇਡੇ ਜਾਣਗੇ। ਕਈ ਕੌਮਾਂਤਰੀ ਸਟਾਰ ਖਿਡਾਰੀ ਵੀ ਇਸ ਵਾਰ ਭਾਰਤ ਦੀ ਧਰਤੀ 'ਤੇ ਆਪਣੇ ਖੇਡ ਜਲਵੇ ਦਾ ਪ੍ਰਦਰਸ਼ਨ ਕਰਨਗੇ। ਇੰਡੀਅਨ ਸੁਪਰ ਲੀਗ ਵਿਚ ਕੁੱਲ 10 ਟੀਮਾਂ ਖ਼ਿਤਾਬ ਲਈ ਭਿੜਨਗੀਆਂ ਅਤੇ ਕੋਲਕਾਤਾ, ਮੁੰਬਈ, ਹੈਦਰਾਬਾਦ, ਕੇਰਲਾ, ਓਡੀਸ਼ਾ, ਚੇਨਈ, ਗੋਆ ਤੋਂ ਇਲਾਵਾ ਇਕ ਟੀਮ ਉੱਤਰ ਭਾਰਤੀ ਇਲਾਕੇ ਦੀ ਵੀ ਬਣਾਈ ਗਈ ਹੈ। ਇਹ ਸੀਜ਼ਨ 5 ਮਹੀਨੇ ਤਕ ਚੱਲੇਗਾ, ਜਿਸ ਵਿਚ ਕੌਮਾਂਤਰੀ ਫੁੱਟਬਾਲ ਦੇ ਰੁਝੇਵਿਆਂ ਕਰਕੇ ਸਮੇਂ ਮੁਤਾਬਕ ਬ੍ਰੇਕ ਵੀ ਹੋਵੇਗੀ। ਭਾਰਤੀ ਕੌਮੀ ਟੀਮ ਦੇ ਕਪਤਾਨ ਸੁਨੀਲ ਛੇਤਰੀ ਦੀ ਅਗਵਾਈ ਵਾਲੀ ਬੈਂਗਲੁਰੂ ਫੁੱਟਬਾਲ ਕਲੱਬ ਦੀ ਟੀਮ ਇਸ ਲੀਗ ਦੀ ਮੌਜੂਦਾ ਜੇਤੂ ਟੀਮ ਹੈ ਜਿਸ ਨੇ ਪਿਛਲੇ ਸਾਲ ਇਸ ਲੀਗ ਦੇ ਫਾਈਨਲ ਵਿਚ ਗੋਆ ਦੀ ਟੀਮ ਨੂੰ ਹਰਾ ਕੇ ਆਪਣਾ ਪਲੇਠਾ ਖ਼ਿਤਾਬ ਜਿੱਤਿਆ ਸੀ। ਲੀਗ ਟੂਰਨਾਮੈਂਟ 'ਚ ਖੇਡੇ ਜਾਣ ਵਾਲੇ ਮੈਚਾਂ ਤਹਿਤ ਸਾਰੀਆਂ 10 ਟੀਮਾਂ ਲੀਗ ਦੇ ਦੋ ਸੈਮੀਫਾਈਨਲ ਮੁਕਾਬਲਿਆਂ ਤੋਂ ਪਹਿਲਾਂ ਹਰ ਟੀਮ ਨਾਲ ਆਪਣੇ-ਆਪਣੇ ਘਰੇਲੂ ਤੇ ਬਾਹਰੀ ਫਾਰਮੈੱਟ ਤਹਿਤ ਮੈਚ ਖੇਡਣਗੀਆਂ। ਸੈਮੀਫਾਈਨਲ ਮਾਰਚ ਦੇ ਪਹਿਲੇ ਹਫ਼ਤੇ ਹੋਣ ਦਾ ਸੰਭਾਵਨਾ ਹਨ। ਫਾਈਨਲ ਮੈਚ ਦੀ ਜਗ੍ਹਾ ਤੇ ਸਮੇਂ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ। ਸਾਰੇ ਲੀਗ ਮੈਚ ਭਾਰਤੀ ਸਮੇਂ ਅਨੁਸਾਰ ਰਾਤ 7:30 ਵਜੇ ਤੋਂ ਸ਼ੁਰੂ ਹੋਣਗੇ ਤੇ ਇਕ ਦਿਨ ਵਿਚ ਇਕ ਹੀ ਮੈਚ ਹੋਇਆ ਕਰੇਗਾ।

ਦੂਸਰੀ ਸਭ ਤੋਂ ਵੱਧ ਮਕਬੂਲ ਲੀਗ

ਬਹੁਤ ਘੱਟ ਅਜਿਹਾ ਹੁੰਦਾ ਹੈ ਕਿ ਭਾਰਤ ਵਿਚ ਕ੍ਰਿਕਟ ਤੋਂ ਇਲਾਵਾ ਬਾਕੀ ਖੇਡਾਂ ਦੀ ਪੇਸ਼ੇਵਰ ਲੀਗ ਦੇ ਸ਼ੁਰੂਆਤੀ ਸੀਜ਼ਨਾਂ ਵਿਚ ਹੀ ਟੀਮਾਂ ਦੇ ਮਾਲਕ, ਭਾਵ ਫਰੈਂਚਾਇਜ਼ੀ ਵੀ ਮਾਲਾਮਾਲ ਹੋ ਜਾਣ ਪਰ ਆਈਐੱਸਐੱਲ ਦੀਆਂ ਵੱਖ-ਵੱਖ ਟੀਮਾਂ ਆਪਣੇ ਮਾਲਕਾਂ ਲਈ ਵੀ ਫ਼ਾਇਦੇਮੰਦ ਸਾਬਤ ਹੋਈਆਂ ਹਨ। ਇਸ ਵੇਲੇ ਆਲਮ ਇਹ ਹੈ ਕਿ ਦੇਸ਼ 'ਚ ਸਭ ਤੋਂ ਮਸ਼ਹੂਰ ਟੀ-20 ਕ੍ਰਿਕਟ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਤੋਂ ਬਾਅਦ ਬ੍ਰਾਂਡ ਮੁੱਲ ਦੇ ਮਾਮਲੇ 'ਚ ਇਹ ਫੁੱਟਬਾਲ ਲੀਗ ਭਾਰਤ 'ਚ ਦੂਜੇ ਨੰਬਰ ਦੀ ਮਕਬੂਲ ਲੀਗ ਹੈ। ਇਸ ਲੀਗ ਦੇ ਤਕਨੀਤੀ ਪਹਿਲੂਆਂ ਦੀ ਗੱਲ ਕਰੀਏ ਤਾਂ ਦੇਸ਼ ਦੇ ਖਿਡਾਰੀਆਂ ਲਈ ਵਿਦੇਸ਼ੀ ਖਿਡਾਰੀਆਂ ਦੇ ਨਾਲ ਖੇਡਣ ਦੇ ਤਜਰਬੇ ਦਾ ਲਾਭ ਲੈਣਾ ਵਾਕਈ ਵੱਡੀ ਗੱਲ ਸਾਬਤ ਹੋ ਸਕਦੀ ਹੈ। ਇਸ ਦੇ ਨਾਲ ਹੀ ਫੁੱਟਬਾਲ ਦੇ ਪੱਧਰ ਅਤੇ ਕੋਚਿੰਗ ਦੇ ਮਿਆਰ ਨਾਲ ਵੀ ਭਾਰਤੀ ਫੁੱਟਬਾਲ ਨੂੰ ਬੁਲੰਦੀ ਛੋਹਣ ਦਾ ਮੌਕਾ ਮਿਲੇਗਾ।

ਭਾਰਤੀ ਖਿਡਾਰੀਆਂ ਨੂੰ ਮਿਲੇਗਾ ਫ਼ਾਇਦਾ

ਆਈਐੱਸਐੱਲ ਦੇ ਤਕਨੀਤੀ ਪਹਿਲੂ ਦੀ ਗੱਲ ਕਰੀਏ ਤਾਂ ਸਾਡੇ ਖਿਡਾਰੀਆਂ ਲਈ ਵਿਦੇਸ਼ੀ ਖਿਡਾਰੀਆਂ ਨਾਲ ਖੇਡਣ ਦੇ ਤਜਰਬੇ ਦਾ ਲਾਭ ਉਠਾਉਣਾ ਵਾਕਈ ਵੱਡੀ ਗੱਲ ਹੈ। ਇਸ ਦੇ ਨਾਲ ਹੀ .ਫੁੱਟਬਾਲ ਦੇ ਪੱਧਰ ਅਤੇ ਕੋਚਿੰਗ ਦੇ ਮਿਆਰ ਨਾਲ ਵੀ ਫੁੱਟਬਾਲ ਨੂੰ ਉੱਪਰ ਚੁੱਕਣ ਦਾ ਮੌਕਾ ਮਿਲੇਗਾ। ਜ਼ਾਹਿਰ ਹੈ ਕਿ ਲੀਗ ਵਿਚਲੇ ਵਿਦੇਸ਼ੀ ਖਿਡਾਰੀ ਆਪਣੇ ਰਵਾਇਤੀ ਅੰਦਾਜ਼ 'ਚ ਨਹੀਂ ਖੇਡਣਗੇ ਪਰ ਉਨਾਂ ਦਾ ਤਜਰਬਾ ਸਾਡੇ ਖਿਡਾਰੀਆਂ ਲਈ ਕਾਫ਼ੀ ਲਾਹੇਵੰਦ ਸਿੱਧ ਹੋਵੇਗਾ। ਇਹ ਗੱਲ ਤਾਂ ਸਪਸ਼ਟ ਹੈ ਕਿ ਇੰਡੀਅਨ ਸੁਪਰ ਫੁੱਟਬਾਲ ਲੀਗ ਆਪਣੇ ਤੀਜੇ ਟੂਰਨਾਮੈਂਟ ਵਿਚ ਪਿਛਲੇ ਦੋ ਗੇੜਾਂ ਦੀ ਸਫਲ ਇਬਾਰਤ ਦੁਹਰਾਉਣ ਲਈ ਤਿਆਰ ਹੈ। ਸਟਾਰ ਸਪੋਰਟਸ ਖੇਡ ਚੈਨਲ ਉੱਤੇ ਹਰ ਸ਼ਾਮ ਇਸ ਲੀਗ ਦੇ ਮੈਚਾਂ ਦਾ ਸਿੱਧਾ ਪ੍ਰਸਾਰਾਂ ਕੀਤਾ ਜਾਵੇਗਾ।

ਪੰਜਾਬ ਦੀ ਟੀਮ ਲੀਗ 'ਚੋਂ ਮਨਫ਼ੀ

ਇਸ ਲੀਗ ਵਿਚ ਇਕ ਗੱਲ ਅਜੀਬ ਲਗਦੀ ਹੈ ਕਿ ਪੰਜਾਬ ਨਾਲ ਸਬੰਧਤ ਕਿਸੇ ਵੀ ਟੀਮ ਨੂੰ ਏਸ ਵੱਡੀ ਲੀਗ ਵਿਚ ਸ਼ਾਮਲ ਨਹੀਂ ਕੀਤਾ ਗਿਆ ਅਤੇ ਨਾ ਹੀ ਪੰਜਾਬ ਦੇ ਕਿਸੇ ਸ਼ਹਿਰ ਦੀ ਟੀਮ ਬਣਾਈ ਗਈ। ਜੇਕਰ ਅਜਿਹਾ ਹੁੰਦਾ ਤਾਂ ਪੰਜਾਬ ਦੇ ਪੁੰਗਰਦੇ ਖਿਡਾਰੀਆਂ ਨੂੰ ਵੀ ਬਹੁਤ ਫ਼ਾਇਦਾ ਹੋਣਾ ਸੀ। ਦਿੱਲੀ ਦੀ ਟੀਮ ਇਸ ਲੀਗ ਵਿਚ ਹੁੰਦੀ ਸੀ, ਹੁਣ ਓਹ ਵੀ ਓਡੀਸ਼ਾ ਵਿਚ ਤਬਦੀਲ ਹੋ ਚੁੱਕੀ ਹੈ। ਇਸੇ ਤਰ੍ਹਾਂ ਇਸ ਲੀਗ ਵਿਚ ਪੰਜਾਬ ਦੇ ਨਾਲ ਨਾਲ ਉੱਤਰੀ ਭਾਰਤ ਦੀ ਅਣਦੇਖੀ ਕਾਫ਼ੀ ਹੱਦ ਤਕ ਹੈਰਾਨ ਕਰਨ ਵਾਲੀ ਹੈ।

ਨਿਯਮਾਂ 'ਚ ਤਬਦੀਲੀ

ਆਈਐੱਸਐੱਲ ਅੱਜ ਅਜਿਹੀ ਅਹਿਮ ਫੁੱਟਬਾਲ ਲੀਗ ਬਣ ਚੁੱਕੀ ਹੈ, ਜਿਸ ਦੇ ਸਾਰੇ 10 ਕਲੱਬਾਂ ਨੇ ਹੁਣ ਤਕ ਕੁੱਲ 132.75 ਕਰੋੜ ਰੁਪਏ 77 ਵਿਦੇਸ਼ੀ ਤੇ 166 ਦੇਸੀ ਖਿਡਾਰੀਆਂ ਉੱਤੇ ਖ਼ਰਚ ਕੀਤੇ ਹਨ। ਲੀਗ ਦੇ ਨੇਮਾਂ ਵਿਚ ਵੀ ਇਸ ਵਾਰ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ। ਖਿਡਾਰੀਆਂ ਦੇ ਨੇਮਾਂ ਤਹਿਤ ਹਰ ਟੀਮ ਵਿਚ ਹੁਣ 8 ਦੀ ਜਗ੍ਹਾ ਸੱਤ ਵਿਦੇਸ਼ੀ ਖਿਡਾਰੀਆਂ ਨੂੰ ਟੀਮ 'ਚ ਰੱਖਣ ਦਾ ਨਿਯਮ ਬਣਾਇਆ ਗਿਆ ਹੈ। ਇਸ ਪਿੱਛੇ ਤਰਕ ਇਹ ਰੱਖਿਆ ਗਿਆ ਹੈ ਕਿ ਲੀਗ ਦੇ ਕਲੱਬਾਂ ਨੂੰ ਦੇਸੀ ਖਿਡਾਰੀਆਂ ਤੇ ਘਰੇਲੂ ਪ੍ਰਤਿਭਾਵਾਂ ਉੱਤੇ ਵੱਧ ਤੋਂ ਵੱਧ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾਵੇ। ਅਜਿਹਾ ਭਵਿੱਖ ਦੇ ਟੀਚੇ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਗਿਆ ਹੈ। ਇਸ ਦੇ ਨਤੀਜੇ ਵਜੋਂ 32 ਦੇਸੀ ਖਿਡਾਰੀਆਂ ਨੂੰ ਕਈ ਸਾਲ ਦੇ ਕਰਾਰ ਉੱਤੇ ਇਸ ਨਾਲ ਕਰਾਰਬੱਧ ਕਰ ਲਿਆ ਗਿਆ ਹੈ।

- ਪ੍ਰੋ. ਸੁਦੀਪ ਸਿੰਘ ਢਿੱਲੋਂ

70093-57022

Posted By: Harjinder Sodhi