ਕਪੂਰਥਲਾ (ਜੇਐੱਨਐੱਨ) : ਅਮਰੀਕਾ ਦੀ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਦੇ ਸੱਦੇ 'ਤੇ ਆਰਸੀਐੱਫ (ਰੇਲ ਕੋਚ ਫੈਕਟਰੀ) ਦੀ ਹਰਸਿਮਰਨ ਕੌਰ ਹੁਣ ਸ਼ਿਕਾਗੋ ਜਾਵੇਗੀ। 16 ਸਾਲਾ ਹਰਸਿਮਰਨ ਉਥੇ 14 ਤੋਂ 16 ਫਰਵਰੀ ਤਕ ਲੱਗਣ ਵਾਲੇ ਗਲੋਬਲ ਕੈਂਪ ਵਿਚ ਹਿੱਸਾ ਲਵੇਗੀ। ਉਹ ਇਸ ਕੈਂਪ ਵਿਚ ਹਿੱਸਾ ਲੈਣ ਵਾਲੀ ਪੰਜਾਬ ਦੀ ਇਕਲੌਤੀ ਬਾਸਕਟਬਾਲ ਖਿਡਾਰਨ ਹੈ। ਕੈਂਪ ਵਿਚ ਪੂਰੇ ਵਿਸ਼ਵ ਦੇ ਟਾਪ ਸਟਾਰ ਹਿੱਸਾ ਲੈਣਗੇ। ਐੱਨਬੀਏ ਇੰਟਰਨੈਸ਼ਨਲ ਬਾਸਕਟਬਾਲ ਆਪਰੇਸ਼ਨ ਦੇ ਸੀਨੀਅਰ ਉੱਪ ਪ੍ਰਧਾਨ ਕਿਮ ਬਰੂਨੀ ਨੇ ਇਸ ਸਬੰਧ ਵਿਚ ਭਾਰਤੀ ਬਾਸਕਟਬਾਲ ਐਸੋਸੀਏਸ਼ਨ ਨੂੰ ਪੱਤਰ ਵੀ ਭੇਜਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਹਰਸਿਮਰਨ ਕੌਰ ਪੰਜਾਬ ਦੀ ਇੱਕੋ ਇਕ ਬਾਸਕਟਾਬਲ ਖਿਡਾਰਨ ਹਨ ਜਿਨ੍ਹਾਂ ਨੂੰ ਇਹ ਮੌਕਾ ਦਿੱਤਾ ਜਾ ਰਿਹਾ ਹੈ। ਮਹਾਰਾਸ਼ਟਰ ਦੀ ਸੀਆ ਦਿਓਦਰ ਨੂੰ ਵੀ ਕੈਂਪ ਵਿਚ ਬੁਲਾਇਆ ਗਿਆ ਹੈ। ਪਿਛਲੇ ਦਿਨੀਂ ਨੇਪਾਲ ਵਿਚ ਹੋਈਆਂ ਦੱਖਣੀ ਏਸ਼ਿਆਈ ਖੇਡਾਂ ਵਿਚ ਬਾਸਕਟਬਾਲ ਵਿਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਵਿਚ ਹਰਸਿਮਰਨ ਵੀ ਸ਼ਾਮਲ ਸੀ। ਹਰਸਿਮਰਨ ਪਿਛਲੇ ਸਾਲ ਜਾਪਾਨ ਵਿਚ ਐੱਨਬੀਏ ਦੇ ਏਸ਼ੀਆ ਕੈਂਪ ਵਿਚ ਵੀ ਹਿੱਸਾ ਲੈ ਚੁੱਕੀ ਹੈ। ਹਰਸਿਮਰਨ ਨੇ 2013 ਵਿਚ ਬਾਸਕਿਟਬਾਲ ਖੇਡਣਾ ਸ਼ੁਰੂ ਕੀਤਾ ਸੀ। ਉਸ ਦਾ ਜ਼ਿਆਦਾ ਅਭਿਆਸ ਮੁੰਡਿਆਂ ਨਾਲ ਹੋਇਆ ਹੈ ਜਿਸ ਕਾਰਨ ਉਸ ਦਾ ਆਤਮਵਿਸ਼ਵਾਸ ਮਜ਼ਬੂਤ ਹੋਇਆ ਹੈ। ਛੇ ਫੁੱਟ ਤਿੰਨ ਇੰਚ ਲੰਬੀ ਹਰਸਿਮਰਨ ਨੇ ਪਿਛਲੇ ਸਾਲ ਐੱਨਬੀਏ ਦੇ ਫਲੋਰਿਡਾ ਗਲੋਬਲ ਕੈਂਪ ਵਿਚ ਵੀ ਹਿੱਸਾ ਲਿਆ ਸੀ। ਹਰਸਿਮਰਨ ਦੀ ਮਾਂ ਸੁਮਨਪ੍ਰਰੀਤ ਕੌਰ ਅੰਤਰਰਾਸ਼ਟਰੀ ਵਾਲੀਬਾਲ ਖਿਡਾਰਨ ਰਹੀ ਤੇ ਉਸ ਦੇ ਪਿਤਾ ਸੁਖਦੇਵ ਸਿੰਘ ਆਰਸੀਐੱਫ ਦੇ ਬਾਸਕਟਬਾਲ ਕੋਚ ਹਨ।