ਲੰਡਨ (ਏਪੀ) : ਜਾਪਾਨੀ ਮਹਿਲਾ ਟੈਨਿਸ ਖਿਡਾਰਨ ਨਾਓਮੀ ਓਸਾਕਾ ਆਸਟ੍ਰੇਲੀਅਨ ਓਪਨ ਵਿਚ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤਣ ਨਾਲ ਡਬਲਯੂਟੀਏ ਦੀ ਤਾਜ਼ਾ ਵਿਸ਼ਵ ਰੈਂਕਿੰਗ ਵਿਚ ਇਕ ਸਥਾਨ ਉੱਪਰ ਨੰਬਰ ਦੋ 'ਤੇ ਪੁੱਜ ਗਈ ਜਦਕਿ ਮਰਦ ਵਰਗ ਦੇ ਫਾਈਨਲਿਸਟ ਡੇਨਿਲ ਮੇਦਵੇਦੇਵ ਨੇ ਏਟੀਪੀ ਸੂਚੀ ਵਿਚ ਤੀਜਾ ਸਥਾਨ ਹਾਸਲ ਕਰ ਲਿਆ। ਆਸਟ੍ਰੇਲੀਅਨ ਓਪਨ ਚੈਂਪੀਅਨ ਨੋਵਾਕ ਜੋਕੋਵਿਕ ਨੇ ਮਰਦ ਵਰਗ ਵਿਚ ਸਿਖ਼ਰ 'ਤੇ ਸਥਿਤੀ ਮਜ਼ਬੂਤ ਕੀਤੀ। ਮਹਿਲਾ ਵਰਗ ਵਿਚ ਉੱਪ ਜੇਤੂ ਰਹੀ ਜੇਨੀਫਰ ਬਰਾਡੀ 11 ਸਥਾਨ ਉੱਪਰ ਚੜ੍ਹ ਕੇ 13ਵੇਂ ਸਥਾਨ 'ਤੇ ਪੁੱਜ ਗਈ। ਉਹ ਪਹਿਲੀ ਵਾਰ ਰੈਂਕਿੰਗ ਵਿਚ ਚੋਟੀ ਦੇ 20 ਵਿਚ ਪੁੱਜੀ ਹੈ। ਅਸਲਾਨ ਕਰਾਤਸੇਵ ਆਪਣੇ ਪਹਿਲੇ ਗਰੈਂਡ ਸਲੈਮ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪੁੱਜੇ ਸਨ ਜਿੱਥੇ ਉਨ੍ਹਾਂ ਨੂੰ ਜੋਕੋਵਿਕ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਹ 72 ਸਥਾਨ ਦੀ ਛਾਲ ਲਾ ਕੇ 42ਵੇਂ ਸਥਾਨ 'ਤੇ ਪੁੱਜ ਗਏ ਹਨ। ਓਸਾਕਾ ਨੇ ਜਿਨ੍ਹਾਂ ਪਿਛਲੇ ਦੋ ਗਰੈਂਡ ਸਲੈਮ ਟੂਰਨਾਮੈਂਟ ਵਿਚ ਹਿੱਸਾ ਲਿਆ ਉਨ੍ਹਾਂ ਵਿਚ ਜਿੱਤ ਦਰਜ ਕੀਤੀ ਪਰ ਇਸ ਦੇ ਬਾਵਜੂਦ ਉਹ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿਚ ਹਾਰਨ ਵਾਲੀ ਐਸ਼ਲੇ ਬਾਰਟੀ ਤੋਂ ਪਿੱਛੇ ਹੈ। ਸੇਰੇਨਾ ਵਿਲੀਅਮਜ਼ ਚਾਰ ਸਥਾਨ ਅੱਗੇ ਸੱਤਵੇਂ ਸਥਾਨ 'ਤੇ ਪੁੱਜ ਗਈ ਹੈ। ਉਹ ਆਸਟ੍ਰੇਲੀਅਨ ਓਪਨ ਵਿਚ ਸੈਮੀਫਾਈਨਲ ਤਕ ਪੁੱਜੀ ਸੀ ਜਿੱਥੇ ਉਨ੍ਹਾਂ ਨੂੰ ਓਸਾਕਾ ਹੱਥੋਂ ਹਾਰ ਸਹਿਣੀ ਪਈ ਸੀ।

Posted By: Susheel Khanna