ਬੈਂਗਲੁਰੂ (ਪੀਟੀਆਈ) : ਹਾਕੀ ਇੰਡੀਆ ਵੱਲੋਂ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਨਾਮਜ਼ਦਗੀ ਹਾਸਲ ਕਰਨ ਨਾਲ ਖ਼ੁਸ਼ ਮਹਿਲਾ ਹਾਕੀ ਕਪਤਾਨ ਰਾਣੀ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਨਾਲ ਉਸ ਨੂੰ ਦੇਸ਼ ਲਈ ਹੋਰ ਬਿਹਤਰ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਮਿਲੇਗੀ। ਰਾਣੀ ਨੇ ਕਿਹਾ ਕਿ ਮੈਂ ਖ਼ੁਸ਼ ਹਾਂ ਕਿ ਹਾਕੀ ਇੰਡੀਆ ਨੇ ਸਰਬੋਤਮ ਪੁਰਸਕਾਰ ਲਈ ਮੇਰਾ ਨਾਂ ਭੇਜਿਆ। ਉਨ੍ਹਾਂ ਦੇ ਲਗਾਤਾਰ ਸਮਰਥਨ ਨਾਲ ਟੀਮ ਨੂੰ ਤੇ ਮੈਨੂੰ ਚੰਗੇ ਪ੍ਰਦਰਸ਼ਨ ਵਿਚ ਮਦਦ ਮਿਲੀ ਹੈ। ਮੈਂ ਵੰਦਨਾ ਤੇ ਮੋਨਿਕਾ ਨੂੰ ਵੀ ਵਧਾਈ ਦਿੰਦੀ ਹਾਂ ਜੋ ਅਰਜੁਨ ਪੁਰਸਕਾਰ ਦੀਆਂ ਹੱਕਦਾਰ ਹਨ। ਮਹਿਲਾ ਟੀਮ 'ਚ ਦੋ ਖਿਡਾਰੀਆਂ ਨੂੰ ਨਾਮਜ਼ਦਗੀ ਮਿਲਣਾ ਇਸ ਗੱਲ ਦਾ ਸਬੂਤ ਹੈ ਕਿ ਟੀਮ ਸਹੀ ਦਿਸ਼ਾ ਵਿਚ ਵਧ ਰਹੀ ਹੈ। ਇਸ ਨਾਲ ਸਾਨੂੰ ਅੱਗੇ ਹੋਰ ਚੰਗਾ ਖੇਡਣ ਦੀ ਪ੍ਰੇਰਣਾ ਮਿਲੇਗੀ।