ਸਿੰਗਾਪੁਰ (ਪੀਟੀਆਈ) : ਭਾਰਤ ਦੇ ਰਾਮਕੁਮਾਰ ਰਾਮਨਾਥਨ ਸੋਮਵਾਰ ਨੂੰ ਇੱਥੇ ਅਮਰੀਕਾ ਦੇ ਟਾਰੋ ਡੈਨੀਅਲ ਖ਼ਿਲਾਫ਼ ਤਿੰਨ ਸੈੱਟ ਤਕ ਚੱਲੇ ਸਖ਼ਤ ਮੁਕਾਬਲੇ 'ਚ ਹਾਰਨ ਤੋਂ ਬਾਅਦ ਸਿੰਗਾਪੁਰ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਤੋਂ ਬਾਹਰ ਹੋ ਗਏ। ਵਿਸ਼ਵ 'ਚ 200ਵੀਂ ਰੈਂਕਿੰਗ ਦੇ ਰਾਮਕੁਮਾਰ ਨੇ ਪਹਿਲੇ ਦੌਰ ਦਾ ਇਹ ਮੁਕਾਬਲਾ ਦੋ ਘੰਟੇ ਛੇ ਮਿੰਟ 'ਚ 3-6, 7-6, 3-6 ਨਾਲ ਗੁਆਇਆ। ਰਾਮਕੁਮਾਰ ਕੋਲ ਅਮਰੀਕੀ ਖਿਡਾਰੀ ਖ਼ਿਲਾਫ਼ ਬ੍ਰੇਕ ਪੁਆਇੰਟ ਲੈਣ ਦੇ ਦੋ ਮੌਕੇ ਸਨ ਪਰ ਉਹ ਇਨ੍ਹਾਂ ਦਾ ਫ਼ਾਇਦਾ ਨਹੀਂ ਉਠਾ ਸਕੇ।

ਇਹ ਰਾਮਕੁਮਾਰ ਦੀ ਡੈਨੀਅਲ ਖ਼ਿਲਾਫ਼ ਦੋ ਮੈਚਾਂ 'ਚ ਦੂਸਰੀ ਹਾਰ ਹੈ। ਇਸ ਤੋਂ ਪਹਿਲਾਂ ਉਹ 2012 'ਚ ਆਈਟੀਐੱਫ ਫਿਊਚਰਸ ਮੁਕਾਬਲੇ 'ਚ ਵੀ ਅਮਰੀਕੀ ਖਿਡਾਰੀ ਤੋਂ ਹੋਰ ਗਏ ਸਨ। ਰਾਮਕੁਮਾਰ ਨੇ ਡਬਲਜ਼ 'ਚ ਪੂਰਵ ਰਾਜਾ ਨਾਲ ਮਿਲ ਕੇ ਜੋੜੀ ਬਣਾਈ ਹੈ ਤੇ ਉਨ੍ਹਾਂ ਦਾ ਸਾਹਮਣਾ ਕੋਰੀਆ ਦੇ ਐੱਸ ਕੇਵੋਨ ਤੇ ਜਾਪਾਨ ਦੇ ਵਾਈ ਯੁਚਿਆਮਾ ਨਾਲ ਹੋਵੇਗਾ।

ਰੋਹਨ ਬੋਪੰਨਾ, ਜੀਵਨ ਨੇਦੁਚੇਝੀਅਨ ਤੇ ਐੱਨ ਸ਼੍ਰੀਰਾਮ ਬਾਲਾਜੀ ਵੀ ਇਸ ਹਾਰਡ ਕੋਰਟ ਟੂਰਨਾਮੈਂਟ 'ਚ ਹਿੱਸਾ ਲੈ ਰਹੇ ਹਨ। ਸਾਰਿਆਂ ਦੀਆਂ ਨਜ਼ਰਾਂ ਯੁਕੀ ਭਾਂਬਰੀ 'ਤੇ ਰਹਿਣਗੀਆਂ ਜੋ ਕਿ ਦੋ ਸਾਲ ਤੋਂ ਵੀ ਵੱਧ ਸਮੇਂ ਤੋਂ ਬਾਅਦ ਟੈਨਿਸ 'ਚ ਵਾਪਸੀ ਕਰ ਰਹੇ ਹਨ। ਉਹ ਪਹਿਲੇ ਦੌਰ 'ਚ ਆਸਟ੍ਰੇਲੀਆ ਦੇ ਮੈਥਿਊ ਇਬਡੇਨ ਨਾਲ ਭਿੜਨਗੇ ਜੋ ਆਸਟ੍ਰੇਲੀਅਨ ਓਪਨ ਦੇ ਮਿਸਕਡ ਡਬਲਜ਼ 'ਚ ਸਮਾਂਤਾ ਸਟੋਸੁਰ ਨਾਲ ਉਪ-ਜੇਤੂ ਰਹੇ ਸਨ।

Posted By: Susheel Khanna