ਨਵੀਂ ਦਿੱਲੀ : ਬੀਸੀਸੀਆਈ ਕੋਵਿਡ-19 ਨੂੰ ਲੈ ਕੇ ਇਕ ਟਾਸਕ ਫੋਰਸ ਦਾ ਗਠਨ ਕਰੇਗਾ ਜਿਸ ਵਿਚ ਸਾਬਕਾ ਕਪਤਾਨ ਅਤੇ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨਸੀਏ) ਦੇ ਮੁਖੀ ਰਾਹੁਲ ਦ੍ਰਾਵਿੜ ਸ਼ਾਮਲ ਹੋਣਗੇ। ਬੀਸੀਸੀਆਈ ਨੇ ਸੂਬਿਆਂ ਨੂੰ ਭੇਜੀ ਮਾਪਦੰਡ ਸੰਚਾਲਨ ਪ੍ਰਕਿਰਿਆ (ਐੱਸਓਪੀ) 'ਚ ਸੂਬਾ ਸੰਘਾਂ ਨੂੰ ਇਸ ਦੀ ਜਾਣਕਾਰੀ ਦਿੱਤੀ।

ਬੈਂਗਲੁਰੂ ਸਥਿਤ ਐੱਨਸੀਏ 'ਚ ਸਿਖਲਾਈ ਬਹਾਲੀ ਲਈ ਕੋਵਿਡ-19 ਟਾਸਕ ਫੋਰਸ 'ਚ ਦ੍ਰਾਵਿੜ, ਇਕ ਸਿਹਤ ਅਧਿਕਾਰੀ ਤੇ ਇਕ ਸਵੱਛਤਾ ਅਧਿਕਾਰੀ ਸ਼ਾਮਲ ਹੋਣਗੇ। ਦ੍ਰਾਵਿੜ ਦੀਆਂ ਜ਼ਿੰਮੇਵਾਰੀਆਂ 'ਚ ਸਪੱਸ਼ਟ ਅਤੇ ਨਿਯਮਿਤ ਰੂਪ ਨਾਲ ਖਿਡਾਰੀਆਂ ਨਾਲ ਗੱਲਬਾਤ ਕਰਨਾ, ਜੋਖ਼ਮ ਨੂੰ ਘੱਟ ਕਰਨ ਲਈ ਕੀਤੇ ਜਾ ਰਹੇ ਉਪਾਅ ਦਾ ਜ਼ਿਕਰ ਕਰਨ ਦੇ ਨਾਲ ਕੋਵਿਡ-19 ਨਾਲ ਜੁੜੇ ਮਾਮਲਿਆਂ ਦੇ ਬਾਰੇ 'ਚ ਜਾਣਕਾਰੀ ਦੇਣਾ ਸ਼ਾਮਲ ਹੈ। ਖਿਡਾਰੀਆਂ ਅਤੇ ਸੂਬਿਆਂ ਦੀ ਤਰ੍ਹਾਂ ਐੱਨਸੀਏ 'ਚ ਵੀ ਕ੍ਰਿਕਟਰਾਂ ਨੂੰ ਸਿਖਲਾਈ ਸ਼ੁਰੂ ਕਰਨ ਤੋਂ ਪਹਿਲਾਂ ਇਕ ਸਹਿਮਤੀ ਪੱਤਰ 'ਤੇ ਦਸਤਖ਼ਤ ਕਰਨੇ ਹੋਣਗੇ। ਐੱਸਓਪੀ ਮੁਤਾਬਕ, ਸਿਖਲਾਈ ਦੀ ਬਹਾਲੀ ਤੋਂ ਪਹਿਲਾਂ ਕੋਵਿਡ-19 ਇਨਫੈਕਸ਼ਨ ਦੀ ਸੰਭਾਵਨਾ ਦਾ ਪਤਾ ਲਾਉਣ ਲਈ ਐੱਨਸੀਏ ਦੇ ਪ੍ਰਸ਼ਾਸਨਿਕ ਮੁਲਾਜ਼ਮਾਂ ਸਮੇਤ ਸਾਰੇ ਖਿਡਾਰੀਆਂ ਤੇ ਮੁਲਾਜ਼ਮਾਂ ਦੀ ਕੋਵਿਡ-19 (ਆਰਟੀ-ਪੀਸੀਆਰ) ਜਾਂਚ ਕੀਤੀ ਜਾਵੇਗੀ।