ਪਾਰਲ (ਦੱਖਣੀ ਅਫਰੀਕਾ) (ਪੀਟੀਆਈ) : ਟੈਸਟ ਕ੍ਰਿਕਟ ਦੀ ਤਰ੍ਹਾਂ ਹੀ ਕੇਐੱਲ ਰਾਹੁਲ ਦਾ ਕਪਤਾਨ ਰੂਪ ’ਚ ਵਨ ਡੇ ਮੈਚਾਂ ’ਚ ਵੀ ਆਗ਼ਾਜ਼ ਨਿਰਾਸ਼ਾਜਨਕ ਰਿਹਾ ਅਤੇ ਭਾਰਤੀ ਟੀਮ ਨੂੰ ਇੱਥੇ ਬੁੱਧਵਾਰ ਨੂੰ ਪਹਿਲੇ ਵਨ ਡੇ ਮੈਚ ’ਚ ਦੱਖਣੀ ਅਫਰੀਕਾ ਹੱਥੋਂ 31 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਤੇਂਬਾ ਬਾਵੁਮਾ ਅਤੇ ਰਾਸੀ ਵੇਨ ਡੇਰ ਡੁਸੇਨ ਦੇ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਚੌਥੀ ਵਿਕਟ ਲਈ 204 ਦੌੜਾਂ ਦੀ ਭਾਈਵਾਲੀ ਕਰਕੇ ਦੱਖਣੀ ਅਫਰੀਕਾ ਨੇ ਚਾਰ ਵਿਕਟਾਂ ’ਤੇ 296 ਦੌੜਾਂ ਬਣਾਈਆਂ। ਹੌਲੀ ਸ਼ੁਰੂਆਤ ਤੋਂ ਬਾਅਦ ਬਾਵੁਮਾ ਨੇ 143 ਗੇਂਦਾਂ ’ਤੇ ਨੌਂ ਚੌਕਿਆਂ ਦੀ ਮਦਦ ਨਾਲ 110 ਦੌੜਾਂ ਦੀ ਪਾਰੀ ਖੇਡੀ, ਜਦਕਿ ਡੁਸੇਨ ਨੇ 96 ਗੇਂਦਾਂ ’ਤੇ ਨੌਂ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਅਜੇਤੂ 129 ਦੌੜਾਂ ਬਣਾਈਆਂ। ਦੋਵਾਂ ਨੇ ਭਾਰਤ ਖ਼ਿਲਾਫ਼ ਵਨ ਡੇ ਮੈਚਾਂ ’ਚ ਦੂਜੀ ਸਭ ਤੋਂ ਵੱਡੀ ਭਾਈਵਾਲੀ ਕਰਕੇ ਟੀਮ ਨੂੰ ਸ਼ਾਨਦਾਰ ਸਕੋਰ ਤਕ ਪਹੁੰਚਾਇਆ।

ਇਹ ਦੋਵੇਂ ਉ ਸਮੇਂ ਨਾਲ ਆਏ ਸਨ, ਜਦੋਂ ਟੀਮ 18ਵੇਂ ਓਵਰ ’ਚ 68 ਦੌੜਾਂ ’ਤੇ ਤਿੰਨ ਵਿਕਟ ਗੁਆਉਣ ਤੋਂ ਬਾਅਦ ਸੰਕਟ ਵਿਚ ਸੀ। ਭਾਰਤ ਲਈ ਸਭ ਤੋਂ ਸਫਲ ਗੇਂਦਬਾਜ਼ ਜਸਪ੍ਰੀਤ ਬੁਮਰਾਹ ਰਹੇ, ਜਿਨ੍ਹਾਂ 48 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਰਵੀਚੰਦਰਨ ਅਸ਼ਵਿਨ ਨੇ 53 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ, ਪਰ ਹੋਰ ਗੇਂਦਬਾਜ਼ ਸਫਲਤਾ ਹਾਸਲ ਕਰਨ ਲਈ ਜੂਝਦੇ ਨਜ਼ਰ ਆਏ। ਜਵਾਬ ’ਚ ਸ਼ਿਖਰ ਧਵਨ, ਵਿਰਾਟ ਕੋਹਲੀ ਤੇ ਸ਼ਾਰਦੁਲ ਠਾਕੁਰ ਦੇ ਅਰਧ ਸੈਂਕੜਿਆਂ ਦੇ ਬਾਵਜੂਦ ਭਾਰਤੀ ਟੀਮ 50 ਓਵਰਾਂ ’ਚ ਅੱਠ ਵਿਕਟਾਂ ’ਤੇ 265 ਦੌਡਾਂ ਹੀ ਬਣਾ ਸਕੀ।

ਬੋਲੈਂਡ ਪਾਰਕ ਦੀ ਹੌਲੀ ਪਿੱਚ ’ਤੇ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦੋਵਾਂ ਨੂੰ ਸ਼ੁਰੂਆਤ ’ਚ ਹਵਾ ’ਚ ਅਤੇ ਪਿੱਚ ਤੋਂ ਮੂਵਮੈਂਟ ਮਿਲੀ। ਬੁਮਰਾਹ ਨੇ ਪੰਜਵੇਂ ਓਵਰ ’ਚ ਆਊਟਸਵਿੰਗਰ ’ਤੇ ਸਲਾਮੀ ਬੱਲੇਬਾਜ਼ ਜਾਨੇਮਨ ਮਲਾਨ (6) ਨੂੰ ਵਿਕਟਕੀਪਰ ਰਿਸ਼ਭ ਪੰਤ ਹੱਥੋਂ ਕੈਚ ਕਰਵਾਇਆ। ਭਾਰਤੀ ਗੇਂਦਬਾਜ਼ਾਂ ਨੇ ਦੌੜਾਂ ’ਤੇ ਰੋਕ ਲਾ ਰੱਖੀ ਸੀ ਜਿਸ ਨਾਲ ਦੱਖਣੀ ਅਫਰੀਕਾ ਨੇ ਸ਼ੁਰੂਆਤੀ 10 ਓਵਰਾਂ ’ਚ ਇਕ ਵਿਕਟ ’ਤੇ 39 ਦੌੜਾਂ ਬਣਾਈਆਂ।

ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਪਹਿਲਾ ਮੈਚ ਖੇਡ ਰਹੇ ਕਵਿੰਟਨ ਡਿਕਾਕ (27) ਅਤੇ ਬਾਵੁਮਾ ਨੂੰ ਦੌੜਾਂ ਬਣਾਉਣ ਲਈ ਜੂਝਣਾ ਪੈ ਰਿਹਾ ਸੀ, ਕਿਉਂਕਿ ਗੇਂਦ ਬੱਲੇ ’ਤੇ ਨਹੀਂ ਆ ਰਹੀ ਸੀ। ਡਿਕਾਕ ਦੌੜਾਂ ’ਚ ਵਾਧਾ ਕਰਨ ਦੀ ਕੋਸ਼ਿਸ਼ ’ਚ ਪਵੇਲੀਅਨ ਪਰਤ ਗਏ। ਉਹ ਜੂਨ 2017 ਤੋਂ ਬਾਅਦ ਪਹਿਲਾ ਵਨਡੇ ਮੁਕਾਬਲਾ ਖੇਡ ਰਹੇ ਅਸ਼ਵਿਨ ਦੀ ਸਿੱਧੀ ਗੇਂਦ ਨੂੰ ਕੱਟ ਕਰਨ ਦੀ ਕੋਸ਼ਿਸ਼ ’ਚ ਬੋਲਡ ਹੋ ਗਏ। ਵੈਂਕਟੇਸ਼ ਅਈਅਰ ਨੇ ਸਟੀਕ ਨਿਸ਼ਾਨੇ ’ਤੇ ਏਡੇਨ ਮਾਰਕਰੈਮ (4) ਨੂੰ ਰਨ ਆਊਟ ਕਰਕੇ ਦੱਖਣੀ ਅਫਰੀਕਾ ਨੂੰ ਤੀਜਾ ਝਟਕਾ ਦਿੱਤਾ। ਇਸ ਤੋਂ ਬਾਅਦ ਡੁਸੇਨ ਅਤੇ ਕਪਤਾਨ ਬਾਵੁਮਾ ਨੇ ਪਾਰੀ ਨੂੰ ਮਜ਼ਬੂਤੀ ਨਾਲ ਸੰਭਾਲਿਆ।s

Posted By: Susheel Khanna