ਮੈਕਸੀਕੋ ਸਿਟੀ (ਆਈਏਐੱਨਐੱਸ) : ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਪੁਸ਼ਟੀ ਕੀਤੀ ਹੈ ਕਿ ਉਹ ਅਗਲੇ ਸਾਲ ਹੋਣ ਵਾਲੇ ਮੈਕਸੀਕਨ ਓਪਨ ਵਿਚ ਹਿੱਸਾ ਲੈਣਗੇ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਇਹ ਜਾਣਕਾਰੀ ਦਿੱਤੀ। ਟੂਰਨਾਮੈਂਟ ਡਾਇਰੈਕਟਰ ਰਾਊਲ ਜੁਰੂਤੂਜਾ ਨੇ ਕਿਹਾ ਕਿ 2020 ਵਿਚ ਨਡਾਲ ਇਸ ਟੂਰਨਾਮੈਂਟ ਵਿਚ ਖੇਡਣਗੇ। ਇਹ ਸਾਡੇ ਲਈ ਕਾਫੀ ਖ਼ਾਸ ਹੈ ਤੇ ਮੈਨੂੰ ਯਕੀਨ ਹੈ ਕਿ ਪ੍ਰਸ਼ੰਸਕਾਂ ਨੂੰ ਵੀ ਇਹ ਖ਼ਬਰ ਸੁਣ ਕੇ ਬਹੁਤ ਖ਼ੁਸ਼ੀ ਹੋਵੇਗੀ। 19ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨਡਾਲ ਆਪਣੇ ਕਰੀਅਰ ਵਿਚ ਪੰਜਵੀਂ ਵਾਰ ਇਸ ਟੂਰਨਾਮੈਂਟ ਹਿੱਸਾ ਲੈਣਗੇ। ਇਹ ਟੂਰਨਾਮੈਂਟ 24 ਤੋਂ 29 ਫਰਵਰੀ ਤਕ ਖੇਡਿਆ ਜਾਵੇਗਾ। ਮੈਕਸੀਕਨ ਓਪਨ ਇਕ ਏਟੀਪੀ ਵਿਸ਼ਵ ਟੂਰ 500 ਹਾਰਡ ਕੋਰਟ ਟੂਰਨਾਮੈਂਟ ਹੈ ਤੇ ਇਸ ਦੇ 20 ਸਾਲ ਵੀ ਪੂਰੇ ਹੋ ਜਾਣਗੇ। ਇਸ ਸਾਲ ਨਡਾਲ ਨੇ ਫਰੈਂਚ ਓਪਨ ਤੇ ਯੂਐੱਸ ਓਪਨ ਦਾ ਖ਼ਿਤਾਬ ਆਪਣੇ ਨਾਂ ਕੀਤਾ ਸੀ।