ਨਿਊਯਾਰਕ (ਏਐੱਫਪੀ) : ਸਪੇਨ ਦੇ ਦਿੱਗਜ ਟੈਨਿਸ ਸਟਾਰ ਰਾਫੇਲ ਨਡਾਲ ਆਪਣੇ 19ਵੇਂ ਗਰੈਂਡ ਸਲੈਮ ਖ਼ਿਤਾਬ ਦੀ ਭਾਲ ਵਿਚ ਰੂਸ ਦੇ ਪੰਜਵਾਂ ਦਰਜਾ ਹਾਸਿਲ ਡੇਨਿਲ ਮੇਦਵੇਦੇਵ ਨਾਲ ਭਿੜਨਗੇ। 33 ਸਾਲਾ ਨਡਾਲ ਨੇ ਆਰਥਰ ਏਸ਼ ਸਟੇਡੀਅਮ ਵਿਚ ਖੇਡੇ ਗਏ ਮਰਦ ਸਿੰਗਲਜ਼ ਦੇ ਸੈਮੀਫਾਈਨਲ ਵਿਚ ਇਟਲੀ ਦੇ ਮਾਟੀਓ ਬੇਰੇਟੀਨੀ ਨੂੰ 7-6, 6-4, 6-1 ਨਾਲ ਹਰਾ ਕੇ ਪੰਜਵੀਂ ਵਾਰ ਯੂਐੱਸ ਓਪਨ ਦੇ ਫਾਈਨਲ ਵਿਚ ਥਾਂ ਬਣਾਈ। ਜੇ ਨਡਾਲ ਇੱਥੇ ਖ਼ਿਤਾਬ ਜਿੱਤ ਲੈਂਦੇ ਹਨ ਤਾਂ ਉਹ ਸਵਿਸ ਸਟਾਰ ਰੋਜਰ ਫੈਡਰਰ ਦੇ ਆਲ ਟਾਈਮ ਮਰਦ ਰਿਕਾਰਡ (20 ਗਰੈਂਡ ਸਲੈਮ ਖ਼ਿਤਾਬ) ਤੋਂ ਸਿਰਫ਼ ਇਕ ਖ਼ਿਤਾਬ ਦੂਰ ਰਹਿ ਜਾਣਗੇ। ਉਹ ਆਪਣੇ 27ਵੇਂ ਗਰੈਂਡ ਸਲੈਮ ਦੇ ਫਾਈਨਲ ਵਿਚ ਖੇਡਣਗੇ ਤੇ ਉਨ੍ਹਾਂ ਨੇ ਪਿਛਲੇ ਮਹੀਨੇ ਮੇਦਵੇਦੇਵ ਨੂੰ ਮਾਂਟਰੀਅਲ ਫਾਈਨਲ ਵਿਚ ਹਰਾਇਆ ਸੀ। ਹਾਲਾਂਕਿ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨਡਾਲ ਸਿਨਸਿਨਾਟੀ ਓਪਨ ਵਿਚ ਨਹੀਂ ਉਤਰੇ ਸਨ ਜਿੱਥੇ ਮੇਦਵੇਦੇਵ ਚੈਂਪੀਅਨ ਬਣੇ ਸਨ। ਨਡਾਲ ਨੇ ਸੈਸ਼ਨ ਦੇ ਸ਼ੁਰੂ ਵਿਚ ਹਿੱਪ ਦੀ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ 12ਵਾਂ ਫਰੈਂਚ ਓਪਨ ਖ਼ਿਤਾਬ ਹਾਸਿਲ ਕੀਤਾ ਸੀ ਤੇ ਹੁਣ ਉਨ੍ਹਾਂ ਦੀਆਂ ਨਜ਼ਰਾਂ ਚੌਥਾ ਯੂਐੱਸ ਓਪਨ ਖ਼ਿਤਾਬ ਜਿੱਤਣ 'ਤੇ ਹਨ। ਜੇ ਉਹ ਅਜਿਹਾ ਕਰ ਲੈਂਦੇ ਹਨ ਤਾਂ ਉਹ ਫੈਡਰਰ, ਪੀਟ ਸੰਪਰਾਸ ਤੇ ਜਿਮੀ ਕੋਨੋਰਜ਼ ਦੇ ਯੂਐੱਸ ਓਪਨ ਦੇ ਰਿਕਾਰਡ ਤੋਂ ਸਿਰਫ਼ ਇਕ ਖ਼ਿਤਾਬ ਪਿੱਛੇ ਰਹਿ ਜਾਣਗੇ ਜਿਨ੍ਹਾਂ ਨੇ ਇੱਥੇ ਪੰਜ ਪੰਜ ਖ਼ਿਤਾਬ ਜਿੱਤੇ ਹਨ।

ਇਕਤਰਫ਼ਾ ਰਿਹਾ ਮੁਕਾਬਲਾ :

24ਵਾਂ ਦਰਜਾ ਹਾਸਲ ਬੇਰੇਟੀਨੀ ਨੇ ਸੈਮੀਫਾਈਨਲ ਵਿਚ ਪਹਿਲੇ ਸੈੱਟ ਵਿਚ ਨਡਾਲ ਨੂੰ ਛੇ ਬ੍ਰੇਕ ਪੁਆਇੰਟ ਵਿਚ ਰੋਕੀ ਰੱਖਿਆ ਤੇ ਪਹਿਲੇ ਸੈੱਟ ਦੇ ਟਾਈਬ੍ਰੇਕਰ ਵਿਚ ਇਕ ਸਮੇਂ 4-0 ਦੀ ਬੜ੍ਹਤ ਹਾਸਲ ਕਰ ਲਈ ਪਰ ਨੈੱਟ 'ਤੇ ਕੀਤੀਆਂ ਗਈਆਂ ਗ਼ਲਤੀਆਂ ਕਾਰਨ ਉਹ ਸੈੱਟ ਨਡਾਲ ਨੇ ਆਪਣੇ ਨਾਂ ਕਰ ਲਿਆ। ਇਸ ਦੌਰਾਨ ਨਡਾਲ ਨੇ ਦੋ ਵਾਰ ਸੈੱਟ ਪੁਆਇੰਟ ਬਚਾਏ। ਦੂਜੇ ਸੈੱਟ ਵਿਚ 4-3 ਦੇ ਸਕੋਰ 'ਤੇ ਨਡਾਲ ਨੇ ਪਹਿਲਾ ਬ੍ਰੇਕ ਪੁਆਇੰਟ ਹਾਸਿਲ ਕੀਤਾ ਤੇ ਦੋ ਵਾਰ ਬ੍ਰੇਕ ਪੁਆਇੰਟ ਬਚਾ ਕੇ ਦੂਜੇ ਸੈੱਟ ਨੂੰ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਤੀਜੇ ਸੈੱਟ ਨੂੰ ਆਸਾਨੀ ਨਾਲ ਆਪਣੇ ਨਾਂ ਕਰ ਕੇ ਉਨ੍ਹਾਂ ਨੇ ਦੋ ਘੰਟੇ 35 ਮਿੰਟ ਤਕ ਚੱਲੇ ਮੁਕਾਬਲੇ ਵਿਚ ਜਿੱਤ ਦਰਜ ਕੀਤੀ।

--------------------------