ਮੈਸਨ (ਏਪੀ) : ਰਾਫੇਲ ਨਡਾਲ ਦੀ ਸੱਟ ਤੋਂ ਬਾਅਦ ਟੈਨਿਸ ਕੋਰਟ ’ਤੇ ਵਾਪਸੀ ਯਾਦਗਾਰ ਨਹੀਂ ਰਹੀ ਤੇ ਉਨ੍ਹਾਂ ਨੂੰ ਇੱਥੇ ਵੈਸਟਰਨ ਐਂਡ ਸਦਰਨ ਓਪਨ ਟੂਰਨਾਮੈਂਟ ਵਿਚ ਬੋਰਨਾ ਕੋਰਿਕ ਹੱਥੋਂ ਤਿੰਨ ਸੈੱਟ ਤਕ ਚੱਲੇ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਕੋਰਿਕ ਨੇ ਇਸ ਸਪੈਨਿਸ਼ ਸਟਾਰ ਨੂੰ 7-6, (9), 4-6, 6-3 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਮਰਦਾਂ ਵਿਚ ਰਿਕਾਰਡ 22 ਗਰੈਂਡ ਸਲੈਮ ਚੈਂਪੀਅਨਸ਼ਿਪਾਂ ਜਿੱਤਣ ਵਾਲੇ ਨਡਾਲ ਛੇ ਜੁਲਾਈ ਤੋਂ ਬਾਅਦ ਪਹਿਲੀ ਵਾਰ ਕੋਰਟ ’ਤੇ ਉਤਰੇ ਸਨ। ਉਹ ਯੂਐੱਸ ਓਪਨ ਤੋਂ ਪਹਿਲਾਂ ਤਿਆਰੀਆਂ ਲਈ ਇਸ ਟੂਰਨਾਮੈਂਟ ਵਿਚ ਖੇਡ ਰਹੇ ਸਨ।

ਇੱਥੇ ਦੂਜਾ ਦਰਜਾ ਹਾਸਲ ਅਤੇ ਵਿਸ਼ਵ ਰੈਂਕਿੰਗ ਵਿਚ ਤੀਜੇ ਨੰਬਰ ਦੇ ਖਿਡਾਰੀ 36 ਸਾਲਾ ਨਡਾਲ ਪੂਰੀ ਤਰ੍ਹਾਂ ਫਿੱਟ ਨਜ਼ਰ ਆਏ। ਇਹ ਮੈਚ ਦੋ ਘੰਟੇ 51 ਮਿੰਟ ਤਕ ਚੱਲਿਆ ਤੇ ਇਸ ਵਿਚਾਲੇ ਨਡਾਲ ਨੂੰ ਫਿਟਨੈੱਸ ਨਾਲ ਸਬੰਧਤ ਕੋਈ ਪਰੇਸ਼ਾਨੀ ਨਹੀਂ ਹੋਈ। ਤਿੰਨ ਵਾਰ ਦੇ ਗਰੈਂਡ ਸਲੈਮ ਜੇਤੂ ਬਿ੍ਰਟੇਨ ਦੇ ਐਂਡੀ ਮਰੇ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਬਿ੍ਰਟੇਨ ਦੇ ਹੀ ਕੈਮਰੂਨ ਨੋਰੀ ਨੇ 3-6, 6-3, 6-4 ਨਾਲ ਮਾਤ ਦਿੱਤੀ। ਇਸ ਤੋਂ ਇਲਾਵਾ ਟੇਲਰ ਫਿ੍ਰਟਜ ਨੇ ਵਿੰਬਲਡਨ ਦੇ ਉੱਪ ਜੇਤੂ ਨਿਕ ਕਿਰਗਿਓਸ ਨੂੰ 6-3, 6-2 ਨਾਲ ਹਰਾਇਆ ਜਦਕਿ 19 ਸਾਲਾ ਬੇਨ ਸ਼ੇਲਟਨ ਨੇ ਪੰਜਵੀਂ ਰੈਂਕਿੰਗ ਦੇ ਖਿਡਾਰੀ ਕੈਸਪਰ ਰੂਡ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ।

Posted By: Gurinder Singh