ਮੈਲਬੌਰਨ (ਏਪੀ) : ਪਿਛਲੀ ਵਾਰ ਦੇ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਨੂੰ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਪਹਿਲੇ ਗੇੜ ਵਿਚ ਬਿ੍ਟੇਨ ਦੇ ਜੈਕ ਡ੍ਰੈਪਰ ਖ਼ਿਲਾਫ਼ ਜਿੱਤ ਦਰਜ ਕਰਨ ਲਈ ਸਖ਼ਤ ਮਿਹਨਤ ਕਰਨੀ ਪਈ। 22 ਵਾਰ ਦੇ ਗਰੈਂਡ ਸਲੈਮ ਜੇਤੂ ਨਡਾਲ ਨੇ ਤਿੰਨ ਘੰਟੇ 41 ਮਿੰਟ ਤਕ ਚੱਲੇ ਮੁਕਾਬਲੇ ਵਿਚ ਡ੍ਰੈਪਰ ਨੂੰ 7-5, 2-6, 6-4, 6-1 ਨਾਲ ਹਰਾ ਕੇ ਦੂਜੇ ਗੇੜ ਵਿਚ ਥਾਂ ਬਣਾਈ। ਇਹ ਇਸ ਸਾਲ ਨਡਾਲ ਦੀ ਪਹਿਲੀ ਜਿੱਤ ਸੀ। ਪੂਰੇ ਮੈਚ ਦੌਰਾਨ ਨਡਾਲ ਆਪਣੀ ਪੂਰੀ ਲੈਅ ਵਿਚ ਨਜ਼ਰ ਨਹੀਂ ਆਏ ਤੇ ਸੰਘਰਸ਼ ਕਰਦੇ ਦਿਖੇ।

ਨਡਾਲ ਤੇ ਡ੍ਰੈਪਰ ਵਿਚਾਲੇ ਮੁਕਾਬਲਾ ਪਹਿਲੇ ਸੈੱਟ ਤੋਂ ਹੀ ਬਰਾਬਰੀ ਦਾ ਰਿਹਾ। ਨਡਾਲ ਨੇ ਜਿੱਥੇ ਪਹਿਲੀ ਗੇਮ ਜਿੱਤ ਕੇ ਬੜ੍ਹਤ ਬਣਾਈ ਉਥੇ 21 ਸਾਲਾ ਡ੍ਰੈਪਰ ਨੇ ਅਗਲੀ ਗੇਮ ਆਪਣੇ ਨਾਂ ਕਰ ਕੇ ਬਰਾਬਰੀ ਹਾਸਲ ਕਰ ਲਈ। ਪਹਿਲੇ ਸੈੱਟ ਵਿਚ ਨਡਾਲ ਜਿਵੇਂ ਹੀ ਬੜ੍ਹਤ ਬਣਾਉਂਦੇ ਉਵੇਂ ਹੀ ਡ੍ਰੈਪਰ ਅਗਲੀ ਗੇਮ ਜਿੱਤ ਕੇ ਸਕੋਰ ਬਰਾਬਰ ਕਰ ਦਿੰਦੇ। ਹਾਲਾਂਕਿ ਨਡਾਲ ਨੇ ਇਸ ਚੁਣੌਤੀਪੂਰਨ ਸੈੱਟ ਨੂੰ ਆਪਣੇ ਨਾਂ ਕਰ ਲਿਆ। ਦੂਜੇ ਸੈੱਟ ਵਿਚ ਡ੍ਰੈਪਰ ਪੂਰੀ ਤਰ੍ਹਾਂ ਸਪੈਨਿਸ਼ ਖਿਡਾਰੀ 'ਤੇ ਹਾਵੀ ਰਹੇ ਤੇ ਉਨ੍ਹਾਂ ਨੇ ਜਲਦ ਹੀ ਨਡਾਲ 'ਤੇ 4-0 ਦੀ ਬੜ੍ਹਤ ਲੈ ਲਈ। ਨਡਾਲ ਜਦ ਤਕ ਕੁਝ ਸੰਭਲ ਸਕਦੇ ਤਦ ਤਕ ਬਿ੍ਟੇਨ ਦੇ ਇਸ ਨੌਜਵਾਨ ਖਿਡਾਰੀ ਨੇ ਦੂਜਾ ਸੈੱਟ ਆਪਣੇ ਨਾਂ ਕਰ ਲਿਆ। ਤੀਜੇ ਸੈੱਟ ਵਿਚ ਨਡਾਲ ਨੇ 4-1 ਦੀ ਬੜ੍ਹਤ ਬਣਾਈ ਪਰ ਡ੍ਰੈਪਰ ਨੇ ਵਾਪਸੀ ਕਰਦੇ ਹੋਏ ਸਕੋਰ 4-4 ਕਰ ਦਿੱਤਾ। ਹਾਲਾਂਕਿ ਨਡਾਲ ਨੇ ਅਗਲੀਆਂ ਦੋ ਗੇਮਾਂ ਆਪਣੇ ਨਾਂ ਕਰ ਕੇ ਇਸ ਸੈੱਟ ਨੂੰ ਜਿੱਤਿਆ। ਚੌਥੇ ਸੈੱਟ ਦਾ ਪਹਿਲਾ ਗੇਮ ਡ੍ਰੈਪਰ ਨੇ ਜਿੱਤਿਆ ਪਰ ਨਡਾਲ ਨੇ ਪੂਰੀ ਸਮਰੱਥਾ ਨਾਲ ਵਾਪਸੀ ਕੀਤੀ ਤੇ ਅਗਲੀਆਂ ਸਾਰੀਆਂ ਗੇਮਾਂ ਆਪਣੇ ਨਾਂ ਕਰ ਕੇ ਇਕਤਰਫ਼ਾ ਅੰਦਾਜ਼ ਵਿਚ ਚੌਥਾ ਸੈੱਟ ਜਿੱਤ ਕੇ ਦੂਜੇ ਗੇੜ ਵਿਚ ਪ੍ਰਵੇਸ਼ ਕੀਤਾ। ਨਡਾਲ ਦਾ ਅਗਲੇ ਗੇੜ ਵਿਚ ਸਾਹਮਣਾ ਅਮਰੀਕਾ ਦੇ ਮੈਂਕੇਂਜੀ ਮੈਕਡੋਨਾਲਡ ਨਾਲ ਹੋਵੇਗਾ।

ਮਰਦ ਵਰਗ ਦੇ ਹੋਰ ਮੁਕਾਬਲਿਆਂ ਵਿਚ ਰੂਸ ਦੇ ਡੇਨਿਲ ਮੇਦਵੇਦੇਵ ਨੇ ਅਮਰੀਕਾ ਦੇ ਮਾਰਕੋਸ ਗਿਰੋਨ ਨੂੰ 6-0, 6-1, 6-2 ਨਾਲ, ਗ੍ਰੀਸ ਦੇ ਸਟੇਫਾਨੋਸ ਸਿਤਸਿਪਾਸ ਨੇ ਫਰਾਂਸ ਦੇ ਕਵੇਂਟਿਨ ਹਾਲਿਸ ਨੂੰ 3-6, 6-4, 7-6 (6) ਨਾਲ ਤੇ ਬਿ੍ਟੇਨ ਦੇ ਕੈਮਰੂਨ ਨੋਰੀ ਨੇ ਲੁਕਾ ਵਾਨ ਐਸ਼ਚੇ ਨੂੰ 7-6, (3), 6-0, 6-3 ਨਾਲ ਹਰਾ ਕੇ ਦੂਜੇ ਗੇੜ ਵਿਚ ਪ੍ਰਵੇਸ਼ ਕੀਤਾ।

ਮਹਿਲਾਵਾਂ ਵਿਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਪੋਲੈਂਡ ਦੀ ਇਗਾ ਸਵਿਆਤੇਕ ਨੇ ਜਰਮਨੀ ਦੀ ਜੁਲੇ ਨੀਏਮੀਏਰ ਨੂੰ 6-4, 7-5 ਨਾਲ, ਤੀਜਾ ਦਰਜਾ ਹਾਸਲ ਅਮਰੀਕਾ ਦੀ ਜੇਸਿਕਾ ਪੇਗੁਲਾ ਨੇ ਰੋਮਾਨੀਆ ਦੀ ਜੈਕਲੀਨ ਕ੍ਰਿਸਟੀਨ ਨੂੰ 6-0, 6-1 ਨਾਲ, ਸੱਤਵਾਂ ਦਰਜਾ ਅਮਰੀਕਾ ਦੀ ਕੋਕੋ ਗਾਫ ਨੇ ਕੈਟਰੀਨ ਸਿਨੀਆਕੋਵਾ ਨੂੰ 6-1, 6-4 ਨਾਲ, ਮਾਰੀਆ ਸਕਾਰੀ ਨੇ ਯੂਈ ਯੁਆਨ ਨੂੰ 6-1, 6-4 ਨਾਲ ਤੇ ਬਿ੍ਟੇਨ ਦੀ ਏਮਾ ਰਾਡੂਕਾਨੂ ਨੇ ਤਮਾਰਾ ਕੋਰਪਾਤਚ ਨੂੰ 6-3, 6-2 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ।

ਆਸਟ੍ਰੇਲੀਆ ਦੇ ਨਿਕ ਕਿਰਗਿਓਸ ਨੇ ਪਹਿਲੇ ਗੇੜ ਦੇ ਆਪਣੇ ਮੈਚ ਤੋਂ ਪਹਿਲਾਂ ਹੀ ਖੱਬੇ ਗੋਡੇ ਦੀ ਸੱਟ ਕਾਰਨ ਆਸਟ੍ਰੇਲੀਅਨ ਓਪਨ ਤੋਂ ਨਾਂ ਵਾਪਸ ਲੈ ਲਿਆ। ਪਿਛਲੇ ਸਾਲ ਵਿੰਬਲਡਨ ਦੇ ਫਾਈਨਲ ਵਿਚ ਨੋਵਾਕ ਜੋਕੋਵਿਕ ਹੱਥੋਂ ਹਾਰਨ ਵਾਲੇ ਕਿਰਗਿਓਸ ਨੇ 2022 ਵਿਚ ਆਸਟ੍ਰੇਲੀਅਨ ਓਪਨ ਵਿਚ ਮਰਦ ਡਬਲਜ਼ ਦਾ ਖ਼ਿਤਾਬ ਜਿੱਤਿਆ ਸੀ। ਉਨ੍ਹਾਂ ਨੂੰ ਇਸ ਸਾਲ ਇਸ ਟੂਰਨਾਮੈਂਟ ਵਿਚ ਜਿੱਤ ਦੇ ਦਾਅਵੇਦਾਰਾਂ ਵਿਚ ਗਿਣਿਆ ਜਾ ਰਿਹਾ ਸੀ। ਆਸਟ੍ਰੇਲੀਆ ਦੇ ਕਿਸੇ ਮਰਦ ਖਿਡਾਰੀ ਨੇ 1976 ਤੋਂ ਬਾਅਦ ਤੋਂ ਮੈਲਬੌਰਨ ਪਾਰਕ ਵਿਚ ਖ਼ਿਤਾਬ ਨਹੀਂ ਜਿੱਤਿਆ ਹੈ। ਕਿਰਗਿਓਸ ਨੇ ਕਿਹਾ ਕਿ ਬਾਹਰ ਰਹਿਣ ਦਾ ਫ਼ੈਸਲਾ ਕਾਫੀ ਅੌਖਾ ਹੈ। ਇਹ ਮੇਰੇ ਕਰੀਅਰ ਦੇ ਸਭ ਤੋਂ ਮਹੱਤਵਪੂਰਨ ਟੂਰਨਾਮੈਂਟੋਂ ਵਿਚੋਂ ਇਕ ਹੈ ਪਰ ਮੈਂ ਦਰਦ ਨਾਲ ਬਹੁਤ ਪਰੇਸ਼ਾਨ ਹੋ ਚੁੱਕਾ ਹਾਂ।

Posted By: Gurinder Singh