ਲੰਡਨ (ਏਐੱਫਪੀ) : ਪਿਛਲੀ ਵਾਰ ਦੇ ਚੈਂਪੀਅਨ ਅਲੈਗਜ਼ੈਂਡਰ ਜਵੇਰੇਵ ਦੀ ਰੂਸ ਦੇ ਡੇਨਿਲ ਮੇਦਵੇਦੇਵ 'ਤੇ ਜਿੱਤ ਨਾਲ ਹੀ ਸਪੇਨ ਦੇ ਦਿੱਗਜ ਟੈਨਿਸ ਖਿਡਾਰੀ ਰਾਫੇਲ ਨਡਾਲ ਦਾ ਏਟੀਪੀ ਫਾਈਨਲਜ਼ ਦਾ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਤੇ ਉਨ੍ਹਾਂ ਨੂੰ ਸੈਸ਼ਨ ਦੇ ਇਸ ਆਖ਼ਰੀ ਟੂਰਨਾਮੈਂਟ 'ਚੋਂ ਬਾਹਰ ਹੋਣਾ ਪਿਆ। ਹਾਲਾਂਕਿ ਹਾਰ ਦੇ ਬਾਵਜੂਦ 19 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨਡਾਲ ਨੇ ਸਾਲ ਦਾ ਅੰਤ ਨੰਬਰ ਇਕ 'ਤੇ ਰਹਿੰਦੇ ਹੋਏ ਕੀਤਾ।

ਦੁਨੀਆ ਦੇ ਨੰਬਰ ਇਕ ਖਿਡਾਰੀ ਨਡਾਲ ਨੇ ਸ਼ੁੱਕਰਵਾਰ ਨੂੰ ਯੂਨਾਨ ਦੇ 21 ਸਾਲਾ ਖਿਡਾਰੀ ਸਟੇਫਾਨੋਸ ਸਿਤਸਿਪਾਸ ਹੱਥੋਂ ਪਹਿਲਾਂ ਸੈੱਟ ਗੁਆਉਣ ਤੋਂ ਬਾਅਦ ਵਾਪਸੀ ਕਰਦੇ ਹੋਏ 6-7, 6-4, 7-5 ਨਾਲ ਜਿੱਤ ਦਰਜ ਕੀਤੀ ਪਰ ਸੈਮੀਫਾਈਨਲ ਵਿਚ ਪੁੱਜਣ ਦੀ ਉਨ੍ਹਾਂ ਦੀ ਉਮੀਦ ਅਗਲੇ ਮੈਚ 'ਤੇ ਨਿਰਭਰ ਸੀ। ਇਸ ਤੋਂ ਬਾਅਦ ਜਰਮਨ ਸਟਾਰ ਜਵੇਰੇਵ ਦੀ ਮੇਦਵੇਦੇਵ 'ਤੇ 6-4, 7-6 ਨਾਲ ਜਿੱਤ ਨੇ ਨਡਾਲ ਨੂੰ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ ਕਰ ਦਿੱਤਾ ਜਦਕਿ ਆਂਦਰੇ ਅਗਾਸੀ ਗਰੁੱਪ ਤੋਂ ਜਵੇਰੇਵ ਸੈਮੀਫਾਈਨਲ 'ਚ ਪੁੱਜਣ 'ਚ ਕਾਮਯਾਬ ਰਹੇ। ਸਿਤਸਿਪਾਸ ਪਹਿਲਾਂ ਹੀ ਇਸ ਗਰੁੱਪ ਤੋਂ ਆਖ਼ਰੀ ਚਾਰ ਵਿਚ ਪੁੱਜ ਗਏ ਸਨ।

ਚੰਗੀ ਨਹੀਂ ਸੀ ਸ਼ੁਰੂਆਤ

ਸੱਟ ਨਾਲ ਜੂਝਣ ਤੋਂ ਬਾਅਦ ਲੰਡਨ ਵਿਚ ਇਸ ਟੂਰਨਾਮੈਂਟ ਵਿਚ ਆਉਣ ਵਾਲੇ ਸਪੈਨਿਸ਼ ਖਿਡਾਰੀ ਨਡਾਲ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਤੇ ਉਨ੍ਹਾਂ ਨੂੰ ਰਾਊਂਡ ਰਾਬਿਨ ਆਧਾਰ 'ਤੇ ਹੋਣ ਵਾਲੇ ਇਸ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਮੌਜੂਦਾ ਚੈਂਪੀਅਨ ਜਵੇਰੇਵ ਹੱਥੋਂ ਸਿੱਧੇ ਸੈੱਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਮੇਦਵੇਦੇਵ ਤੇ ਸਿਤਸਿਪਾਸ ਨੂੰ ਹਰਾ ਕੇ ਸੈਮੀਫਾਈਨਲ ਵਿਚ ਪੁੱਜਣ ਦੀਆਂ ਉਮੀਦਾਂ ਕਾਇਮ ਰੱਖੀਆਂ ਸਨ।

ਜੋਕੋਵਿਕ ਨੂੰ ਵੀ ਮਿਲੀ ਨਿਰਾਸ਼ਾ

ਬਿਓਰਨ ਬਾਰਗ ਗਰੁੱਪ ਤੋਂ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨੋਵਾਕ ਜੋਕੋਵਿਕ ਵੀ ਸੈਮੀਫਾਈਨਲ ਵਿਚ ਨਹੀਂ ਪੁੱਜ ਸਕੇ ਜਿਸ ਨਾਲ ਨਡਾਲ ਦਾ ਨੰਬਰ ਇਕ 'ਤੇ ਬਣੇ ਰਹਿਣਾ ਤੈਅ ਹੋ ਗਿਆ। ਸਿਤਸਿਪਾਸ ਖ਼ਿਲਾਫ਼ ਮਿਲੀ ਜਿੱਤ ਤੋਂ ਬਾਅਦ 33 ਸਾਲਾ ਨਡਾਲ ਨੂੰ ਸਾਲ ਦਾ ਅੰਤ ਨੰਬਰ ਇਕ 'ਤੇ ਰਹਿੰਦੇ ਹੋਏ ਕਰਨ ਕਾਰਨ ਸਿਲਵਰ ਟਰਾਫੀ ਦਿੱਤੀ ਗਈ।

'ਮੈਨੂੰ ਪਤਾ ਹੈ ਕਿ ਸਾਲ ਦਾ ਅੰਤ ਨੰਬਰ ਇਕ 'ਤੇ ਰਹਿੰਦੇ ਹੋਏ ਕਰਨਾ ਕਿੰਨਾ ਮੁਸ਼ਕਲ ਹੈ ਕਿਉਂਕਿ ਇਸ ਲਈ ਤੁਹਾਨੂੰ ਲਗਾਤਾਰ 11 ਮਹੀਨੇ ਚੰਗਾ ਖੇਡਣਾ ਪੈਂਦਾ ਹੈ। ਸਰੀਰਕ ਮੁਸ਼ਕਲ ਦੇ ਆਧਾਰ 'ਤੇ ਇਸ ਸਾਲ ਮੇਰੇ ਲਈ ਕੁਝ ਨਿਰਾਸ਼ ਕਰਨ ਵਾਲੇ ਪਲ਼ ਵੀ ਰਹੇ ਪਰ ਕੁੱਲ ਮਿਲਾ ਕੇ ਮੈਂ ਬਹੁਤ ਜ਼ਿਆਦਾ ਖ਼ੁਸ਼ ਹਾਂ।

-ਰਾਫੇਲ ਨਡਾਲ, ਸਪੈਨਿਸ਼ ਟੈਨਿਸ ਸਟਾਰ