ਨਵੀਂ ਦਿੱਲੀ (ਏਐੱਫਪੀ) : ਖੇਡ ਮੰਤਰਾਲੇ ਨੇ ਪੂਰੇ ਦੇਸ਼ ਵਿਚ ਫੈਲੇ ਕੋਰੋਨਾ ਵਾਇਰਸ ਨਾਲ ਨਜਿੱਠਣ ਨੂੰ ਲੈ ਕੇ ਸਰਕਾਰ ਦੀ ਮਦਦ ਕਰਨ ਲਈ ਭਾਰਤੀ ਖੇਡ ਅਥਾਰਟੀ (ਸਾਈ) ਦੇ ਵੱਖ-ਵੱਖ ਸੈਂਟਰਾਂ ਨੂੰ ਕੁਆਰੰਟਾਈਨ ਦੀ ਸਹੂਲਤ ਲਈ ਇਸਤੇਮਾਲ ਕਰਨ ਦਾ ਫ਼ੈਸਲਾ ਲਿਆ ਹੈ। ਖੇਡ ਸਕੱਤਰ ਰਾਧੇਸ਼ਿਆਮ ਜੁਲਾਨੀਆ ਨੇ ਕਿਹਾ ਕਿ ਪੂਰੇ ਦੇਸ਼ ਵਿਚ ਸਹੂਲਤਾਂ ਉਪਲੱਬਧ ਹਨ ਤੇ ਜੇ ਫਿਰ ਵੀ ਲੋੜ ਪਈ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜੁਲਾਨੀਆ ਨੇ ਕਿਹਾ ਕਿ ਇਹ ਲੋਕਾਂ ਦੀ ਜ਼ਿੰਦਗੀ ਬਚਾਉਣ ਦਾ ਮਾਮਲਾ ਹੈ ਤੇ ਜਿੱਥੇ ਵੀ ਸਰਕਾਰ ਨੂੰ ਸਾਡੀ ਮਦਦ ਦੀ ਲੋੜ ਹੋਵੇਗੀ, ਅਸੀਂ ਕਰਾਂਗੇ। ਸਾਡੀ ਸਥਿਤੀ ਇਹ ਹੈ ਕਿ ਜੇ ਸਥਾਨਕ ਪ੍ਰਸ਼ਾਸਨ ਨੂੰ ਸਾਈ ਸੈਂਟਰਾਂ ਦੇ ਇਸਤੇਮਾਲ ਦੀ ਲੋੜ ਪੈਂਦੀ ਹੈ ਤਾਂ ਉਹ ਇਸ ਦਾ ਇਸੇਤਮਾਲ ਕਰ ਸਕਦੇ ਹਨ। ਕੋਰੋਨਾ ਵਾਇਰਸ ਕਾਰਨ ਸਾਈ ਦੇ ਸਾਰੇ ਕੈਂਪਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਸਿਰਫ਼ ਓਲੰਪਿਕ ਦੀ ਤਿਆਰੀ ਕਰ ਰਹੇ ਖਿਡਾਰੀਆਂ ਲਈ ਹੀ ਕੈਂਪ ਲਾਏ ਗਏ ਹਨ।