ਬਾਸੇਲ : ਭਾਰਤੀ ਸ਼ਟਲਰ ਪੀਵੀ ਸਿੰਧੂ ਨੇ ਐਤਵਾਰ ਨੂੰ ਇਤਿਹਾਸਕ ਰਚ ਦਿੱਤਾ, ਜਦੋਂ ਉਸ ਨੇ ਬੀਡਬਲਿਊਐੱਫ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦਾ ਖ਼ਿਤਾਬ ਹਾਸਲ ਕੀਤਾ। ਪੰਜਵੇਂ ਕ੍ਰਮ ਦੀ ਸਿੰਧੂ ਨੇ ਧਮਾਕੇਦਾਰ ਖੇਡ ਦਾ ਪ੍ਰਦਰਸ਼ਨ ਕਰ ਕੇ ਤੀਜੇ ਕ੍ਰਮ ਦੀ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਸਿੱਧੀ ਖੇਡ 'ਚ 21-7, 21-7 ਨਾਲ ਹਰਾਇਆ। ਉਹ ਇਹ ਖ਼ਿਤਾਬ ਹਾਸਲ ਕਰਨ ਵਾਲੀ ਭਾਰਤ ਦੀ ਪਹਿਲੀ ਖਿਡਾਰਨ ਬਣ ਗਈ ਹੈ। ਇਹ ਮੁਕਾਬਲਾ 37 ਮਿੰਟ ਚੱਲਿਆ। ਸਿੰਧੂ ਲਗਾਤਾਰ ਤੀਜੀ ਵਾਰ ਇਸ ਚੈਂਪੀਅਨਸ਼ਿਪ ਦਾ ਫਾਈਨਲ ਖੇਡ ਰਹੀ ਸੀ ਅਤੇ ਉਸ ਨੇ ਓਕੁਹਾਰਾ ਨੂੰ ਹਰਾ ਕੇ ਉਸ ਤੋਂ 2017 ਦੇ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਲਿਆ।

ਪੰਜਵੇਂ ਕ੍ਰਮ ਦੀ ਸਿੰਧੂ ਅਤੇ ਤੀਜੇ ਕ੍ਰਮ ਦੀ ਓਕੁਹਾਰਾ ਦਰਮਿਆਨ ਹਮੇਸ਼ਾ ਸਖ਼ਤ ਟੱਕਰ ਹੁੰਦੀ ਸੀ ਪਰ ਇਸ ਫਾਈਨਲ 'ਚ ਸਿੰਧੂ ਨੇ ਹਮਲਾਵਰ ਸ਼ੁਰੂਆਤ ਕਰਕੇ ਪਹਿਲੇ ਸੈੱਟ 'ਚ 7-1 ਦਾ ਵਾਧਾ ਹਾਸਲ ਕੀਤਾ। ਉਹ ਬ੍ਰੇਕ ਦੇ ਸਮੇਂ 11-2 ਨਾਲ ਅੱਗੇ ਸੀ। ਉਸ ਦੀ ਹਮਲਾਵਰ ਖੇਡ ਦਾ ਜਾਪਾਨੀ ਖਿਡਾਰਨ ਕੋਲ ਜਵਾਬ ਨਹੀਂ ਸੀ। ਸਿੰਧੂ ਨੇ ਇਸ ਤੋਂ ਬਾਅਦ ਦੇਖਦੇ ਹੀ ਦੇਖਦੇ 17-4 ਦਾ ਵਾਧਾ ਹਾਸਲ ਕਰ ਲਿਆ। ਓਕੁਹਾਰਾ ਨੇ ਵਾਪਸੀ ਦਾ ਯਤਨ ਕੀਤਾ ਪਰ ਸਿੰਧੂ ਨੇ ਇਹ ਖੇਡ ਸਿਰਫ਼ 16 ਮਿੰਟਾਂ 'ਚ 21-7 ਨਾਲ ਜਿੱਤ ਕੇ ਮੈਚ 'ਚ 1-0 ਦਾ ਵਾਧਾ ਬਣਾਇਆ। ਸਿੰਧੂ ਨੇ ਤੀਜੇ ਗੇੜ 'ਚ ਵੀ ਲੈਅ ਨੂੰ ਬਣਾਈ ਰੱਖਿਆ ਅਤੇ ਉਹ ਬ੍ਰੇਕ ਸਮੇਂ 11-4 ਨਾਲ ਅੱਗੇ ਸੀ। ਉਸ ਨੇ ਇਹ ਗੇੜ 21-7 ਨਾਲ ਜਿੱਤਿਆ।

ਇਸ ਤੋਂ ਪਹਿਲਾਂ ਸਿੰਧੂ ਨੇ ਧਮਾਕੇਦਾਰ ਪ੍ਰਦਰਸ਼ਨ ਕਰਕੇ ਸ਼ਨਿਚਰਵਾਰ ਨੂੰ ਸੈਮੀਫਾਈਨਲ 'ਚ ਚੌਥੇ ਕ੍ਰਮ ਦੀ ਚੀਨ ਦੀ ਚੇਨ ਯੂਫੇਈ ਨੂੰ ਸਿੱਧੇ ਗੇੜਾਂ 'ਚ 21-7, 21-14 ਨਾਲ ਹਰਾਇਆ ਸੀ। ਉਸ ਨੇ ਸਿਰਫ਼ 40 ਮਿੰਟਾਂ 'ਚ ਇਹ ਮੁਕਾਬਲਾ ਜਿੱਤ ਕੇ ਲਗਾਤਾਰ ਤੀਜੀ ਵਾਰ ਇਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਗ੍ਹਾ ਬਣਾਈ ਸੀ। ਦੂਜੇ ਪਾਸੇ ਸਾਬਕਾ ਚੈਂਪੀਅਨ ਓਕੁਹਾਰਾ ਨੇ ਦੂਜੇ ਸੈਮੀਫਾਈਨਲ 'ਚ ਸਖ਼ਤ ਮੁਕਾਬਲੇ ਤੋਂ ਬਾਅਦ ਸੱਤਵੇਂ ਕ੍ਰਮ ਦੀ ਥਾਈਲੈਂਡ ਦੀ ਰਤਨਾਚੋਕ ਇੰਤੇਨਾਨ ਨੂੰ 17-21, 21-18, 21-15 ਨਾਲ ਹਰਾ ਕੇ ਖਿਤਾਬੀ ਮੁਕਾਬਲੇ 'ਚ ਜਗ੍ਹਾ ਬਣਾਈ ਸੀ। ਥਾਈ ਖਿਡਾਰੀ ਨੇ ਪਹਿਲਾ ਗੇੜ ਜਿੱਤ ਲਿਆ ਸੀ ਪਰ ਓਕੁਹਾਰਾ ਨੇ ਜ਼ਬਰਦਸਤ ਵਾਪਸੀ ਕਰਕੇ ਅਗਲੇ ਦੋਵੇਂ ਗੇੜ ਜਿੱਤਦੇ ਹੋਏ ਫਾਈਨਲ 'ਚ ਜਗ੍ਹਾ ਬਣਾਈ।

ਸਿੰਧੂ ਦਾ ਵਿਸ਼ਵ ਚੈਂਪੀਅਨਸ਼ਿਪ 'ਚ ਸਫ਼ਰ

ਪੰਜਵੇਂ ਕ੍ਰਮ ਦੀ ਸਿੰਧੂ ਨੇ ਪਹਿਲੇ ਗੇੜ 'ਚ ਬਾਈ ਮਿਲੀ ਸੀ। ਉਸ ਨੇ ਦੂਜੇ ਗੇੜ 'ਚ ਪਾਈ ਯੂ ਪੋ ਨੂੰ 21-14,21-15 ਨਾਲ ਹਰਾ ਕੇ ਆਖਰੀ 16 'ਚ ਜਗ੍ਹਾ ਬਣਾਈ। ਇਸ ਗੇੜ 'ਚ ਉਸ ਦਾ ਮੁਕਾਬਲਾ ਅਮਰੀਕਾ ਦੀ ਬੀਵੇਨ ਝਾਂਗ ਨਾਲ ਹੋਇਆ, ਜਿਸ ਨੂੰ ਉਸ ਨੇ 21-14, 21-16 ਨਾਲ ਹਰਾ ਕੇ ਕੁਆਰਟਰਫਾਈਨਲ 'ਚ ਜਗ੍ਹਾ ਬਣਾਈ। ਸਿੰਧੂ ਨੇ ਇਸ ਤੋਂ ਬਾਅਦ ਦੂਜੇ ਕ੍ਰਮ ਦੀ ਚੀਨੀ ਤਾਈਪੇ ਦੀ ਤਾਈ ਜੂ ਯਿੰਗ ਨੂੰ ਸਖ਼ਤ ਮੁਕਾਬਲੇ ਤੋਂ ਬਾਅਦ 12-21, 23-21, 21-19 ਨਾਲ ਹਰਾ ਕੇ ਆਖ਼ਰੀ ਚਾਰ 'ਚ ਜਗ੍ਹਾ ਬਣਾਈ। ਸਿੰਧੂ ਨੇ ਯਿੰਗ ਖ਼ਿਲਾਫ਼ ਇਕ ਖੇਡ ਨਾਲ ਪੱਛੜਣ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਕੇ ਲੰਬੀ ਜੱਦੋਜਹਿਦ ਤੋਂ ਬਾਅਦ ਅਗਲੇ ਦੋਵੇਂ ਗੇੜ ਜਿੱਤੇ। ਯਿੰਗ ਨੂੰ ਹਰਾਉਣ ਕਾਰਨ ਸਿੰਧੂ ਦਾ ਮਨੋਬਲ ਇੰਨਾ ਵਧ ਗਿਆ ਸੀ ਕਿ ਉਸ ਨੇ ਸੈਮੀਫਾਈਨਲ 'ਚ ਚੌਥੇ ਕ੍ਰਮ ਦੀ ਚੀਨ ਦੀ ਚੇਨ ਯੂਫੇਈ ਨੂੰ ਆਸਾਨੀ ਨਾਲ ਸਿੱਧੇ ਸੈੱਟਾਂ 'ਚ 21-7,21-14 ਨਾਲ ਹਰਾਇਆ। ਉਸ ਨੇ ਸਿਰਫ਼ 40 ਮਿੰਟਾਂ 'ਚ ਇਹ ਮੈਚ ਜਿੱਤਦੇ ਹੋਏ ਫਾਈਨਲ ਲਈ ਰਾਹ ਪੱਧਰਾ ਕੀਤਾ।

ਸਿੰਧੂ ਅਤੇ ਓਕੁਹਾਰਾ ਦਰਮਿਆਨ ਕੁੱਲ 16 ਮੈਚ ਹੋ ਚੁੱਕੇ ਹਨ। ਸਿੰਧੂ ਨੇ ਇਨ੍ਹਾਂ 'ਚੋਂ 9 ਜਿੱਤੇ ਹਨ ਜਦੋਂਕਿ ਓਕੁਹਾਰਾ 7 ਮੈਚ ਜਿੱਤ ਸਕਦੀ ਹੈ। ਇਨ੍ਹਾਂ ਦਰਮਿਆਨ ਵਿਸ਼ਵ ਚੈਂਪੀਅਨਸ਼ਿਪ 'ਚ ਤਿੰਨ ਵਾਰ ਮੁਕਾਬਲੇ ਹੋਏ ਅਤੇ ਸਿੰਧੂ ਨੇ 2 ਅਤੇ ਓਕੁਹਾਰਾ ਨੇ ਇੱਕ ਜਿੱਤ ਦਰਜ ਕੀਤੀ। ਓਕੁਹਾਰਾ ਨੇ 2017 ਵਿਸ਼ਵ ਚੈਂਪੀਅਨਸ਼ਿਪ ਦੇ ਮੈਰਾਥਨ ਫਾਈਨਲ ਮੁਕਾਬਲੇ 'ਚ ਸਿੰਧੂ ਨੂੰ 21-19,20-22, 22-20 ਨਾਲ ਹਰਾਇਆ ਸੀ। ਇਹ ਮੁਕਾਬਲਾ 110 ਮਿੰਟ ਚੱਲਿਆ ਸੀ। 2018 ਵਿਸ਼ਵ ਚੈਂਪੀਅਨਸ਼ਿਪ 'ਚ ਸਿੰਧੂ ਨੇ ਉਸ ਹਾਰਾ ਦਾ ਕੁਝ ਹੱਦ ਤੱਕ ਬਦਲਾ ਲੈਂਦੇ ਹੋਏ ਓਕੁਹਾਰਾ ਨੂੰ 21-17, 21-19 ਨਾਲ ਜਿੱਤ ਦਰਜ ਕੀਤੀ ਸੀ। 2017 ਵਿਸ਼ਵ ਚੈਂਪੀਅਨਸ਼ਿਪ ਫਾਈਨਲ ਤੋਂ ਬਾਅਦ ਇਨ੍ਹਾਂ ਦਰਮਿਆਨ ਹੋਏ 8 ਮੈਚਾਂ 'ਚੋਂ 5 'ਚ ਸਿੰਧੂ ਨੇ ਜਿੱਤ ਦਰਜ ਕੀਤੀ ਹੈ।

Posted By: Jagjit Singh