ਮਨੀਲਾ (ਪੀਟੀਆਈ) : ਓਲੰਪਿਕ ਵਿਚ ਦੋ ਮੈਡਲ ਜਿੱਤਣ ਵਾਲੀ ਪੀਵੀ ਸਿੰਧੂ ਨੂੰ ਸ਼ਨਿਚਰਵਾਰ ਨੂੰ ਇੱਥੇ ਜਾਪਾਨ ਦੀ ਅਕਾਨੇ ਯਾਮਾਗੁਚੀ ਹੱਥੋਂ ਤਿੰਨ ਗੇਮਾਂ ਤਕ ਚੱਲੇ ਮੁਕਾਬਲੇ ਵਿਚ ਹਾਰ ਮਿਲੀ। ਇਸ ਭਾਰਤੀ ਖਿਡਾਰੀ ਨੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ (ਬੀਸੀਏ) ਵਿਚ ਆਪਣੀ ਮੁਹਿੰਮ ਕਾਂਸੇ ਦੇ ਮੈਡਲ ਨਾਲ ਖ਼ਤਮ ਕੀਤੀ। ਉਥੇ ਸਰਵਿਸ ਕਰਨ ਵਿਚ ਦੇਰ ਕਰਨ ਨੂੰ ਲੈ ਕੇ ਰੈਫਰੀ ਨੇ ਸਿੰਧੂ 'ਤੇ ਇਕ ਅੰਕ ਦੀ ਪੈਨਲਟੀ ਲਾਈ ਜਿਸ ਨਾਲ ਉਨ੍ਹਾਂ ਦੇ ਤੇ ਰੈਫਰੀ ਵਿਚਾਲੇ ਬਹਿਸ ਹੋਈ।

ਸਿੰਧੂ ਨੇ ਚੰਗੀ ਸ਼ੁਰੂਆਤ ਕੀਤੀ ਪਰ ਉਹ ਇਸ ਲੈਅ ਨੂੰ ਜਾਰੀ ਨਹੀਂ ਰੱਖ ਸਕੀ ਤੇ ਇਕ ਘੰਟੇ ਛੇ ਮਿੰਟ ਤਕ ਚੱਲੇ ਸੈਮੀਫਾਈਨਲ ਵਿਚ ਸਿਖਰਲਾ ਦਰਜਾ ਤੇ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਯਾਮਾਗੁਚੀ ਹੱਥੋਂ 21-13, 19-21, 16-21 ਨਾਲ ਹਾਰ ਗਈ। ਇਹ ਇਸ ਟੂਰਨਾਮੈਂਟ ਵਿਚ ਸਿੰਧੂ ਦਾ ਦੂਜਾ ਮੈਡਲ ਹੈ। ਉਨ੍ਹਾਂ ਨੇ 2014 ਗਿਮਚਿਓਨ ਗੇੜ ਵਿਚ ਵੀ ਕਾਂਸੇ ਦਾ ਮੈਡਲ ਜਿੱਤਿਆ ਸੀ।

ਸਿੰਧੂ ਤੇ ਰੈਫਰੀ ਵਿਚਾਲੇ ਹੋਈ ਬਹਿਸ :

ਸਿੰਧੂ ਨੇ ਪਹਿਲੀ ਗਮ 16 ਮਿੰਟ ਵਿਚ ਆਸਾਨੀ ਨਾਲ ਜਿੱਤ ਲਈ ਸੀ। ਦੂਜੀ ਗੇਮ ਵਿਚ ਚੌਥਾ ਦਰਜਾ ਹਾਸਲ ਸਿੰਧੂ 14-11 ਨਾਲ ਅੱਗੇ ਚੱਲ ਰਹੀ ਸੀ ਤੇ ਉਨ੍ਹਾਂ ਨੇ ਸਰਵਿਸ ਕਰਨੀ ਸੀ ਪਰ ਜ਼ਿਆਦਾ ਸਮਾਂ ਲੈਣ ਲਈ ਉਨ੍ਹਾਂ 'ਤੇ ਇਕ ਅੰਕ ਦੀ ਪੈਨਲਟੀ ਲਾਈ ਗਈ ਜਿਸ ਨਾਲ ਰੈਫਰੀ ਦੇ ਨਾਲ ਉਨ੍ਹਾਂ ਦੀ ਬਹਿਸ ਹੋ ਗਈ। ਰੈਫਰੀ ਦਾ ਕਹਿਣਾ ਸੀ ਕਿ ਸਿੰਧੂ ਨੇ ਸਰਵਿਸ ਕਰਨ ਵਿਚ ਕਾਫੀ ਦੇਰ ਕੀਤੀ। ਹਾਲਾਂਕਿ ਸਿੰਧੂ ਮੁਤਾਬਕ ਯਾਮਾਗੁਚੀ ਤਿਆਰ ਨਹੀਂ ਸੀ ਇਸ ਲਈ ਉਨ੍ਹਾਂ ਨੇ ਸਰਵਿਸ ਨਹੀਂ ਕੀਤੀ। ਇਸ ਬਹਿਸ ਨਾਲ ਸਿੰਧੂ ਦੀ ਲੈਅ ਟੁੱਟ ਗਈ ਤੇ ਯਾਮਾਗੁਚੀ ਨੇ ਮੁਕਾਬਲਾ ਬਰਾਬਰੀ 'ਤੇ ਲਿਆ ਦਿੱਤਾ। ਜਾਪਾਨ ਦੀ ਖਿਡਾਰਨ ਨੇ ਲੈਅ ਹਾਸਲ ਕਰ ਲਈ ਤੇ ਸਿੰਧੂ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ।

ਫ਼ੈਸਲਾਕੁਨ ਗੇਮ ਵਿਚ ਸਿੰਧੂ ਸ਼ੁਰੂ ਤੋਂ ਹੀ ਪੱਛੜ ਰਹੀ ਸੀ। ਅੰਤ ਵਿਚ ਯਾਮਾਗੁਚੀ ਨੇ ਪੰਜ ਮੈਚ ਪੁਆਇੰਟ ਹਾਸਲ ਕਰ ਕੇ ਅੰਕ ਹਾਸਲ ਕੀਤੇ। ਹੁਣ ਸਿੰਧੂ ਤੇ ਯਾਮਾਗੁਚੀ ਵਿਚਾਲੇ ਜਿੱਤ ਦਾ ਰਿਕਾਰਡ 13-9 ਹੋ ਗਿਆ ਹੈ। ਉਥੇ ਮੈਚ ਤੋਂ ਬਾਅਦ ਵੀ ਸਿੰਧੂ ਨੇ ਰੈਫਰੀ ਦੇ ਇਸ ਫ਼ੈਸਲੇ 'ਤੇ ਨਿਰਾਸ਼ਾ ਜ਼ਾਹਰ ਕੀਤੀ। ਸਿੰਧੂ ਦੀ ਹਾਰ ਨਾਲ ਭਾਰਤ ਦੀ ਨਿੱਜੀ ਮਹਾਦੀਪੀ ਚੈਂਪੀਅਨਸ਼ਿਪ ਵਿਚ ਚੁਣੌਤੀ ਵੀ ਖ਼ਤਮ ਹੋ ਗਈ।