ਬਾਸੇਲ (ਪੀਟੀਆਈ) : ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੂੰ ਸਵਿਸ ਓਪਨ ਦੇ ਫਾਈਨਲ ਵਿਚ ਐਤਵਾਰ ਨੂੰ ਇੱਥੇ ਓਲੰਪਿਕ ਗੋਲਡ ਮੈਡਲ ਜੇਤੂ ਕੈਰੋਲੀਨਾ ਮਾਰਿਨ ਨੇ ਇਕਤਰਫ਼ਾ ਮੁਕਾਬਲੇ ਵਿਚ ਮਾਤ ਦਿੱਤੀ। 25 ਸਾਲਾ ਭਾਰਤੀ ਖਿਡਾਰਨ ਕੋਲ ਮਾਰਿਨ ਦੀ ਫੁਰਤੀ ਤੇ ਸਟੀਕ ਖੇਡ ਦਾ ਕੋਈ ਜਵਾਬ ਨਹੀਂ ਸੀ। ਸਪੇਨ ਦੀ ਇਸ ਖਿਡਾਰਨ ਨੇ ਸਿੰਧੂ ਨੂੰ ਸਿਰਫ਼ 35 ਮਿੰਟ ਵਿਚ 21-12, 21-5 ਨਾਲ ਮਾਤ ਦਿੱਤੀ। ਸਿੰਧੂ ਦੀ ਇਹ ਮਾਰਿਨ ਖ਼ਿਲਾਫ਼ ਲਗਾਤਾਰ ਤੀਜੀ ਹਾਰ ਹੈ। ਮਾਰਿਨ ਨੇ ਇਸ ਤੋਂ ਪਹਿਲਾਂ ਥਾਈਲੈਂਡ ਵਿਚ ਦੋਵਾਂ ਸੁਪਰ 1000 ਮੁਕਾਬਲਿਆਂ ਦਾ ਖ਼ਿਤਾਬ ਆਪਣੇ ਨਾਂ ਕੀਤਾ ਸੀ।

ਉਹ ਐੱਚਐੱਸਬੀਸੀ ਬੀਡਬਲਯੂਐੱਫ ਵਿਸ਼ਵ ਟੂਰ ਫਾਈਨਲਸ ਵਿਚ ਉੱਪ ਜੇਤੂ ਰਹੀ ਸੀ। ਇਸ ਜਿੱਤ ਨਾਲ ਵਿਸ਼ਵ ਰੈਂਕਿੰਗ ਵਿਚ ਤੀਜੇ ਸਥਾਨ 'ਤੇ ਕਾਬਜ ਮਾਰਿਨ ਨੇ ਸਾਲ ਦਾ ਆਪਣਾ ਤੀਜਾ ਖ਼ਿਤਾਬ ਜਿੱਤਿਆ। ਵਿਸ਼ਵ ਰੈਂਕਿੰਗ ਵਿਚ ਸੱਤਵੇਂ ਸਥਾਨ 'ਤੇ ਕਾਬਜ ਸਿੰਧੂ ਪਿਛਲੇ 18 ਮਹੀਨੇ ਵਿਚ ਆਪਣਾ ਪਹਿਲਾ ਫਾਈਨਲ ਮੁਕਾਬਲਾ ਖੇਡ ਰਹੀ ਸੀ। ਇਸ ਮੈਚ ਤੋਂ ਪਹਿਲਾਂ ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਖ਼ਿਲਾਫ਼ 13 ਮੈਚਾਂ ਵਿਚ ਉਨ੍ਹਾਂ ਨੇ ਪੰਜ ਵਿਚ ਜਿੱਤ ਦਰਜ ਕੀਤੀ ਸੀ।


ਮਾਰਿਨ ਖ਼ਿਲਾਫ਼ ਲੈਅ ਨਾ ਰੱਖ ਸਕੀ ਕਾਇਮ

ਸਿੰਧੂ ਨੇ ਪਿਛਲੇ ਚਾਰ ਮੈਚਾਂ ਵਿਚ ਇਕ ਵੀ ਗੇਮ ਨਹੀਂ ਗੁਆਈ ਸੀ ਪਰ ਉਹ ਮਾਰਿਨ ਖ਼ਿਲਾਫ਼ ਦਬਾਅ ਨਾਲ ਇਸ ਲੈਅ ਨੂੰ ਕਾਇਮ ਨਹੀਂ ਰੱਖ ਸਕੀ। ਮਾਰਿਨ ਨੇ ਰੀਓ ਓਲੰਪਿਕ (2016) ਦੇ ਫਾਈਨਲ ਵਿਚ ਵੀ ਸਿੰਧੂ ਨੂੰ ਹਰਾਇਆ ਸੀ। ਸਿੰਧੂ ਹਣ 17 ਤੋਂ 21 ਮਾਰਚ ਤਕ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗੀ।