ਬੈਂਕਾਕ (ਪੀਟੀਆਈ) : ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੂੰ ਅੰਤਰਰਾਸ਼ਟਰੀ ਬੈਡਮਿੰਟਨ ਵਿਚ ਵਾਪਸੀ ਦੌਰਾਨ ਪਹਿਲੇ ਹੀ ਗੇੜ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਥਾਈਲੈਂਡ ਓਪਨ ਸੁਪਰ 1000 ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿਚ ਡੈਨਮਾਰਕ ਦੀ ਮੀਆ ਬਲਿਚਫੇਲਟ ਹੱਥੋਂ ਤਿੰਨ ਗੇਮਾਂ ਵਿਚ ਹਾਰ ਗਈ। ਕੋਰੋਨਾ ਮਹਾਮਾਰੀ ਕਾਰਨ ਅੰਤਰਰਾਸ਼ਟਰੀ ਕੈਲੰਡਰ ਦੇ ਮੁਕਾਬਲਿਆਂ 'ਚ ਅੜਿੱਕੇ ਤੋਂ ਕਈ ਮਹੀਨੇ ਬਾਅਦ ਛੇਵਾਂ ਦਰਜਾ ਹਾਸਲ ਸਿੰਧੂ ਨੇ ਇਸ ਟੂਰਨਾਮੈਂਟ ਰਾਹੀਂ ਵਾਪਸੀ ਕੀਤੀ। ਉਨ੍ਹਾਂ ਨੂੰ 24 ਮਿੰਟ ਤਕ ਚੱਲੇ ਮੁਕਾਬਲੇ ਵਿਚ ਮੀਆ ਨੇ 16-21, 26-24, 21-13 ਨਾਲ ਹਰਾ ਦਿੱਤਾ। ਇਸ ਨਾਲ ਹੀ ਮਹਿਲਾ ਸਿੰਗਲਜ਼ ਵਿਚ ਭਾਰਤੀ ਚੁਣੌਤੀ ਵੀ ਖ਼ਤਮ ਹੋ ਗਈ। ਮਰਦ ਸਿੰਗਲਜ਼ ਵਿਚ ਦੁਨੀਆ ਦੇ 13ਵੇਂ ਨੰਬਰ ਦੇ ਖਿਡਾਰੀ ਬੀ ਸਾਈ ਪ੍ਰਣੀਤ ਨੂੰ ਥਾਈਲੈਂਡ ਦੇ ਕੇਂਟਾਫੋਨ ਵਾਂਗਚਾਰੋਨ ਨੇ ਸਿੱਧੀਆਂ ਗੇਮਾਂ ਵਿਚ ਹਰਾਇਆ। ਪ੍ਰਣੀਤ ਨੂੰ 16-21, 10-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਮਿਕਸਡ ਡਬਲਜ਼ ਵਿਚ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਅਸ਼ਵਿਨੀ ਪੋਨੱਪਾ ਨੇ ਇੰਡੋਨੇਸ਼ੀਆ ਦੇ ਹਫ਼ੀਜ਼ ਫ਼ੈਜ਼ਲ ਤੇ ਗਲੋਰੀਆ ਵਿਜਾਜਾ ਨੂੰ 21-11, 27-29, 21-16 ਨਾਲ ਮਾਤ ਦਿੱਤੀ।