ਫੁਝੋਊ (ਪੀਟੀਆਈ) : ਵਿਸ਼ਵ ਚੈਂਪੀਅਨ ਪੀਵੀ ਸਿੰਧੂ ਘੱਟ ਰੈਂਕਿੰਗ ਵਾਲੀ ਚੀਨੀ ਤਾਇਪੇ ਦੀ ਪਾਈ ਯੂ ਪੋ ਖ਼ਿਲਾਫ਼ ਮੰਗਲਵਾਰ ਨੂੰ ਚੀਨ ਓਪਨ ਦੇ ਪਹਿਲੇ ਗੇੜ ਵਿਚ ਉਲਟਫੇਰ ਦਾ ਸ਼ਿਕਾਰ ਹੋ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ। ਚੀਨ, ਕੋਰੀਆ ਤੇ ਡੈਨਮਾਰਕ ਵਿਚ ਹੋਏ ਟੂਰਨਾਮੈਟਾਂ ਵਿਚ ਸ਼ੁਰੂਆਤੀ ਗੇੜ ਤੋਂ ਅੱਗੇ ਵਧਣ ਵਿਚ ਨਾਕਾਮ ਰਹੀ ਸਿੰਧੂ ਨੂੰ ਇੱਥੇ ਦੁਨੀਆ ਦੀ 42ਵੇਂ ਨੰਬਰ ਦੀ ਖਿਡਾਰਨ ਪਾਈ ਯੂ ਖ਼ਿਲਾਫ਼ 74 ਮਿੰਟ ਚੱਲੇ ਮਹਿਲਾ ਸਿੰਗਲਜ਼ ਮੈਚ ਵਿਚ 13-21, 21-18, 19-21 ਨਾਲ ਹਾਰ ਸਹਿਣੀ ਪਈ। ਸਾਤਵਿਕਸਾਈਰੈਜ ਰੈਂਕੀਰੈੱਡੀ ਨੇ ਹਾਲਾਂਕਿ ਮਰਦ ਤੇ ਮਿਕਸਡ ਡਬਲਜ਼ ਵਰਗ ਵਿਚ ਦੋਹਰੀ ਜਿੱਤ ਹਾਸਲ ਕੀਤੀ। ਸਾਤਵਿਕ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਮਰਦ ਡਬਲਜ਼ ਵਿਚ ਫਿਲਿਪ ਚਿਊ ਤੇ ਰੇਆ ਚਿਊ ਦੀ ਅਮਰੀਕੀ ਜੋੜੀ ਨੂੰ 21-9, 21-15 ਨਾਲ ਹਰਾ ਕੇ ਦੂਜੇ ਗੇੜ ਵਿਚ ਥਾਂ ਬਣਾਈ। ਇਸ ਤੋਂ ਪਹਿਲਾਂ ਸਾਤਵਿਕ ਤੇ ਅਸ਼ਵਿਨੀ ਪੋਨੱਪਾ ਦੀ ਮਿਕਸਡ ਡਬਲਜ਼ ਜੋੜੀ ਨੇ ਜੋਸ਼ੂਆ ਹਲਬਰਟ ਯੂ ਤੇ ਜੋਸੇਫੀਨ ਵੂ ਦੀ ਕੈਨੇਡਾ ਦੀ ਜੋੜੀ ਨੂੰ 21-19, 21-19 ਨਾਲ ਹਰਾ ਕੇ ਦੂਜੇ ਗੇੜ ਵਿਚ ਥਾਂ ਬਣਾਈ। ਮਰਦ ਸਿੰਗਲਜ਼ ਵਿਚ ਐੱਚਐੱਸ ਪ੍ਰਣਯ ਨੂੰ ਵੀ ਪਹਿਲੇ ਗੇੜ ਵਿਚ ਡੈਨਮਾਰਕ ਦੇ ਰਾਸਮੁਸ ਗੇਮਕੇ ਖ਼ਿਲਾਫ਼ 17-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਸ਼ਵਿਨੀ ਤੇ ਐੱਨ ਸਿੱਕੀ ਰੈੱਡੀ ਦੀ ਮਹਿਲਾ ਡਬਲਜ਼ ਜੋੜੀ ਨੂੰ ਲੀ ਵੇਨ ਮਈ ਤੇ ਝੇਂਗਯੂ ਦੀ ਜੋੜੀ ਖ਼ਿਲਾਫ਼ 9-21, 8-21 ਨਾਲ ਹਾਰ ਸਹਿਣੀ ਪਈ।