ਬਾਸੇਲ (ਪੀਟੀਆਈ) : ਪੀਵੀ ਸਿੰਧੂ ਨੇ ਸ਼ੁੱਕਰਵਾਰ ਨੂੰ ਇੱਥੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਚੀਨੀ ਤਾਇਪੇ ਦੀ ਤਾਈ ਜੂ ਯਿੰਗ ਨੂੰ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ ਜਿਸ ਨਾਲ ਉਹ ਡਬਲਯੂਬੀਐੱਫ ਵਿਸ਼ਵ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਜਿੱਤਣ ਦੇ ਨੇੜੇ ਪੁੱਜ ਗਈ। ਇਸ ਵੱਕਾਰੀ ਟੂਰਨਾਮੈਂਟ ਦੇ ਪਿਛਲੇ ਲਗਾਤਾਰ ਦੋ ਸੈਸ਼ਨਾਂ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਸਿੰਧੂ ਨੇ 71 ਮਿੰਟ ਤਕ ਚੱਲੇ ਇਸ ਮੁਕਾਬਲੇ ਵਿਚ ਸਾਬਕਾ ਵਿਸ਼ਵ ਨੰਬਰ ਇਕ ਤੇ ਏਸ਼ੀਅਨ ਖੇਡਾਂ ਦੀ ਗੋਲਡ ਮੈਡਲ ਜੇਤੂ ਜੂ ਯਿੰਗਨੂੰ 12-21, 23-21, 21-19 ਨਾਲ ਹਰਾਇਆ ਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣਾ ਪੰਜਵਾਂ ਮੈਡਲ ਪੱਕਾ। ਇਸ ਤੋਂ ਇਲਾਵਾ ਓਲੰਪਿਕ ਮੈਡਲ ਜੇਤੂ ਸਾਇਨਾ ਨੇਹਵਾਲ ਨੂੰ ਮਹਿਲਾ ਸਿੰਗਲਜ਼ ਦੇ ਪ੍ਰੀ ਕੁਆਰਟਰ ਫਾਈਨਲ ਵਿਚ ਡੈਨਮਾਰਕ ਦੀ ਮੀਆ ਬਲਿਚਫੀਲਟ ਹੱਥੋਂ ਮਾਤ ਦਾ ਸਾਹਮਣਾ ਕਰਨਾ ਪਿਆ। 12ਵਾਂ ਦਰਜਾ ਬਲਿਚਫੀਲਟ ਖ਼ਿਲਾਫ਼ ਮੁਕਾਬਲੇ ਵਿਚ 18ਵਾਂ ਦਰਜਾ ਭਾਰਤੀ ਸ਼ਟਲਰ ਸਾਇਨਾ ਨੂੰ 21-15, 25-27, 12-21 ਨਾਲ ਹਾਰ ਸਹਿਣੀ ਪਈ। ਮਰਦ ਵਰਗ 'ਚ ਬੀ ਸਾਈ ਪ੍ਰਣੀਤ ਪਿਛਲੇ 36 ਸਾਲ ਵਿਚ ਬੀਡਬਲਯੂਐੱਫ ਵਿਸ਼ਵ ਚੈਂਪੀਅਨਸ਼ਿਪ ਵਿਚ ਮੈਡਲ ਪੱਕਾ ਕਰਨ ਵਾਲੇ ਪਹਿਲੇ ਭਾਰਤੀ ਮਰਦ ਸ਼ਟਲਰ ਬਣ ਗਏ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸਿੱਧੀਆਂ ਗੇਮਾਂ ਵਿਚ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ 24-22, 21-14 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ। ਪ੍ਰਕਾਸ਼ ਪਾਦੂਕੋਣ ਪਹਿਲੇ ਭਾਰਤੀ ਸਨ ਜਿਨ੍ਹਾਂ ਨੇ 1983 ਵਿਚ ਇੱਥੇ ਮੈਡਲ ਜਿੱਤਿਆ ਸੀ।