ਬਾਸੇਲ (ਪੀਟੀਆਈ) : ਦੋ ਵਾਰ ਦੀ ਸਿਲਵਰ ਮੈਡਲ ਜੇਤੂ ਪੀਵੀ ਸਿੰਧੂ ਨੇ ਬੁੱਧਵਾਰ ਨੂੰ ਇੱਥੇ ਬੀਡਬਲਯੂਐੱਫ ਵਿਸ਼ਵ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੈਚ ਵਿਚ ਸੌਖੀ ਜਿੱਤ ਦਰਜ ਕੀਤੀ। ਪਿਛਲੇ ਮਹੀਨੇ ਇੰਡੋਨੇਸ਼ੀਆ ਓਪਨ ਦੇ ਫਾਈਨਲ ਵਿਚ ਥਾਂ ਬਣਾਉਣ ਵਾਲੀ ਸਿੰਧੂ ਨੇ ਸ਼ਾਨਦਾਰ ਰੈਲੀਆਂ ਕੀਤੀਆਂ ਤੇ 43 ਮਿੰਟ ਤਕ ਚੱਲੇ ਦੂਜੇ ਗੇੜ ਦੇ ਮੁਕਾਬਲੇ ਵਿਚ ਚੀਨੀ ਤਾਈਪੇ ਦੀ ਪਾਈ ਯੂ ਪੋ ਨੂੰ 21-14, 21-14 ਨਾਲ ਹਰਾ ਕੇ ਪ੍ਰਰੀ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਪਹਿਲੇ ਗੇੜ ਵਿਚ ਬਾਈ ਹਾਸਲ ਕਰਨ ਵਾਲੀ ਪੰਜਵਾਂ ਦਰਜਾ ਹਾਸਲ ਸਿੰਧੂ ਨੂੰ ਪ੍ਰਰੀ ਕੁਆਰਟਰ ਫਾਈਨਲ ਵਿਚ ਅਮਰੀਕਾ ਦੀ ਨੌਵਾਂ ਦਰਜਾ ਬੀਵਨੇ ਝਾਂਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਓਲੰਪਿਕ ਸਿਲਵਰ ਮੈਡਲ ਜੇਤੂ ਸਿੰਧੂ ਨੂੰ ਪਿਛਲੇ ਸਾਲ ਇੰਡੀਆ ਓਪਨ ਦੇ ਫਾਈਨਲ ਵਿਚ ਝਾਂਗ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਪਹਿਲੀ ਗੇਮ ਵਿਚ ਸਿੰਧੂ ਅਤੇ ਪਾਈ ਯੂ ਨੇ ਚੌਕਸ ਸ਼ੁਰੂਆਤ ਕੀਤੀ। ਸਿੰਧੂ ਨੇ 5-5 ਦੇ ਸਕੋਰ ਤੋਂ ਬਾਅਦ ਤੇਜ਼ੀ ਦਿਖਾਈ ਤੇ ਬ੍ਰੇਕ ਤਕ 11-7 ਦੀ ਬੜ੍ਹਤ ਹਾਸਲ ਕਰ ਲਈ। ਬੈਕਲਾਈਨ ਵਿਚ ਗ਼ਲਤੀ ਕਰਦੇ ਹੋਏ ਪਾਈ ਯੂ ਨੇ ਸਿੰਧੂ ਨੂੰ ਛੇ ਗੇਮ ਪੁਆਇੰਟ ਦਿੱਤੇ ਤੇ ਭਾਰਤੀ ਖਿਡਾਰੀ ਨੇ ਕ੍ਰਾਸ ਕੋਰਟ ਰਿਟਰਨ ਦੇ ਨਾਲ ਪਹਿਲੀ ਗੇਮ ਜਿੱਤ ਲਈ। ਦੂਜੀ ਗੇਮ ਵਿਚ ਸਿੰਧੂ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ 6-1 ਦੀ ਬੜ੍ਹਤ ਬਣਾਈ। ਪਾਈ ਯੂ ਨੇ ਹਾਲਾਂਕਿ ਰੈਲੀ ਵਿਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਸਕੋਰ 5-7 ਕੀਤਾ। ਚੀਨੀ ਤਾਈਪੇ ਦੀ ਖਿਡਾਰਨ ਬ੍ਰੇਕ ਤਕ 11-10 ਦੀ ਬੜ੍ਹਤ ਬਣਾਉਣ ਵਿਚ ਕਾਮਯਾਬ ਰਹੀ ਪਰ ਇਸ ਤੋਂ ਬਾਅਦ ਸਿੰਧੂ ਨੇ ਸ਼ਾਨਦਾਰ ਖੇਡ ਦਿਖਾਈ ਤੇ ਦੂਜੀ ਗੇਮ 21-14 ਨਲਾ ਜਿੱਤ ਕੇ ਮੈਚ ਆਪਣੀ ਝੋਲੀ ਵਿਚ ਪਾਇਆ।

ਮਹਿਲਾ ਡਬਲਜ਼ 'ਚ ਸਹਿਣੀ ਪਈ ਹਾਰ :

ਹੋਰ ਮੁਕਾਬਲਿਆਂ ਵਿਚ ਜੱਕਾਮਪੁਡੀ ਮੇਘਨਾ ਤੇ ਪੂਰਵਿਸ਼ਾ ਐੱਸ ਰਾਮ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਨੂੰ ਸ਼ਿਹੋ ਤਨਾਕਾ ਤੇ ਕੋਹਾਰੂ ਯੋਨੇਮੋਤੋ ਦੀ ਜਾਪਾਨ ਦੀ ਅੱਠਵਾਂ ਦਰਜਾ ਜੋੜੀ ਖ਼ਿਲਾਫ਼ 8-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।